ਗੈਂਗਸਟਰ ਬਦਮਾਸ਼ੀਆਂ ਕਰਨ ਤੋਂ ਪਿੱਛੇ ਹਟ ਜਾਣ, ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹਿਣ : ਐੱਸਐੱਸਪੀ
ਗੈਂਗਸਟਰ ਬਦਮਾਸ਼ੀਆਂ ਕਰਨ ਤੋਂ ਪਿੱਛੇ ਹੱਟ ਜਾਣ, ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹਿਣ-ਐੱਸਐੱਸਪੀ
Publish Date: Sat, 10 Jan 2026 07:37 PM (IST)
Updated Date: Sun, 11 Jan 2026 04:12 AM (IST)

ਫਿਰੌਤੀ ਨਾ ਦੇਣ ਵਾਲੇ ਵਪਾਰੀ ਨੂੰ ਡਰਾਉਣ ਲਈ ਉਸ ਦੀ ਦੁਕਾਨ ’ਤੇ ਚਲਾਉਣੀਆਂ ਸੀ ਗੋਲੀਆਂ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਵਾਂਸ਼ਹਿਰ ਬੰਗਾ ਰੋਡ ’ਤੇ ਸਤਲੁਜ ਪੈਟਰੋਲ ਪੰਪ ਨੇੜੇ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ 2 ਨੌਜਵਾਨਾਂ ’ਚੋਂ ਇਕ ਨੂੰ ਪੁਲਿਸ ਨੇ 2 ਗੋਲੀਆਂ ਪੈਰ ’ਚ ਮਾਰ ਕੇ ਕਾਬੂ ਕਰਨ ’ਚ ਸਫਲਤਾ ਹਾਂਸਲ ਕਰ ਲਈ ਹੈ, ਜਦਕਿ ਮੌਕੇ ਤੋਂ ਫਰਾਰ ਦੂਜੇ ਨੌਜਵਾਨ ਨੂੰ ਕਾਬੂ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਇਕ ਪ੍ਰਸਿੱਧ ਕਾਰੋਬਾਰੀ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਦੀ ਤਿਆਰੀ ਕਰ ਰਹੇ ਇਕ ਮੋਟਰਸਾਈਕਲ ’ਤੇ ਸਵਾਰ 2 ਅਣਪਛਾਤੇ ਨੌਜਵਾਨਾਂ ਨੂੰ ਜਦੋਂ ਪੁਲਿਸ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੌਕੇ ਤੋਂ ਮੋਟਰਸਾਈਕਲ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਪਾਰਟੀ ਨੇ ਬੰਗਾ ਰੋਡ ’ਤੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਦੋਵੇਂ ਨੌਜਵਾਨ ਮੋਟਰਸਾਈਕਲ ਉੱਥੇ ਹੀ ਸੁੱਟ ਕੇ ਭਾਰਤ ਹਸਪਤਾਲ ਵਾਲੀ ਗਲੀ ਰਾਹੀਂ ਰਿਹਾਇਸ਼ੀ ਇਲਾਕੇ ’ਚ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪੁਲਿਸ ਨੇ ਦੋਵਾਂ ਹਮਲਾਵਰਾਂ ਦਾ ਪਿੱਛਾ ਜਾਰੀ ਰੱਖਿਆ ਤੇ ਇਕ ਨੌਜਵਾਨ ਦੇ ਪੈਰਾਂ ’ਚ ਗੋਲੀ ਮਾਰ ਕੇ ਉਸ ਨੂੰ ਮੌਕੇ ਤੋਂ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਦੂਜੇ ਦੀ ਭਾਲ ’ਚ ਪੁਲਿਸ ਵੱਲੋ ਇਲਾਕੇ ’ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਵਪਾਰੀ ਨੂੰ ਫਿਰੌਤੀ ਦੀਆਂ ਕਾਲਾਂ ਆਈਆਂ ਸਨ ਤੇ ਗੈਂਗਸਟਰਾਂ ਦੇ ਗੁਰਗੇ ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਬੀਤੀ ਦੇਰ ਸ਼ਾਮ ਵਪਾਰੀ ਦੀ ਬੰਦ ਦੁਕਾਨ ’ਤੇ ਗੋਲੀਆਂ ਚਲਾ ਕੇ ਉਸ ਨੂੰ ਡਰਾਉਣ ਦੀ ਮਨਸ਼ਾ ਨਾਲ ਇਥੇ ਪੁੱਜੇ ਸਨ, ਜਦਕਿ ਪੁਲਿਸ ਨੂੰ ਪਹਿਲਾਂ ਹੀ ਇਸ ਦਾ ਅੰਦੇਸ਼ਾ ਸੀ, ਜਿਸ ਕਾਰਨ ਪੁਲਿਸ ਪਾਰਟੀ ਸੁਚੇਤ ਸੀ ਤੇ ਮੌਕੇ ਤੋਂ ਇਸ ਵਾਰਦਾਤ ਨੂੰ ਹੋਣ ਤੋਂ ਪਹਿਲਾ ਹੀ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਗੁਰਭੇਜ ਸਿੰਘ ਭੇਜਾ ਤੇ ਗੁਰਜੰਟ ਸਿੰਘ ਦੋਵੇਂ ਵਾਸੀ ਧੁਨ ਧੇਵਾਲਾ, ਚੌਹਲਾ ਸਾਹਿਬ, ਤਰਨਤਾਰਨ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਭੇਜ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ ਗਿਆ ਹੈ, ਜਦਕਿ ਗੁਰਜੰਟ ਤਰਨਤਾਰਨ ਦੀ ਭਾਲ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਕਿਹਾ ਕਿ ਉਹ ਗੈਂਗਸਟਰਾਂ ਨੂੰ ਇਹ ਸਾਫ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਇਸ ਇਲਾਕੇ ’ਚੋਂ ਫਿਰੌਤੀ ਦੀ ਮੰਗ ਕਰਨਾ ਛੱਡ ਦੇਣ ਤੇ ਲੋਕਾਂ ਨੂੰ ਡਰਾਉਣ ਤੇ ਗੋਲੀਆਂ ਚਲਾਉਣ ਦਾ ਕੰਮ ਛੱਡ ਦੇਣ ਨਹੀਂ ਤਾਂ ਇਸ ਦਾ ਅੰਜਾਮ ਭੁਗਤਣ ਲਈ ਤਿਆਰ ਰਹਿਣ। ਇਸ ਮੌਕੇ ਡੀਐੱਸਪੀ ਨਵਾਂਸ਼ਹਿਰ ਰਾਜ ਕੁਮਾਰ, ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ, ਸੀਆਈਏ ਇੰਚਾਰਜ ਨੀਰਜ ਚੌਧਰੀ ਸਮੇਤ ਹੋਰ ਪੁਲਿਸ ਪਾਰਟੀ ਦੇ ਮੁਲਾਜ਼ਮ ਹਾਜ਼ਰ ਸਨ। ਉਧਰ ਪੁਲਿਸ ਨੇ ਮੌਕੇ ਤੋਂ ਇਕ ਬਿਨਾਂ ਨੰਬਰੀ ਮੋਟਰਸਾਈਕਲ ਤੇ ਹਮਲਾਵਰਾਂ ਤੋਂ 2 ਪਿਸਤੌਲ ਬਰਾਮਦ ਕਰ ਲਏ ਹਨ। ਐੱਸਐੱਸਪੀ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ’ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਇਨ੍ਹਾਂ ਮੁਲਜ਼ਮਾਂ ’ਤੇ ਪਹਿਲਾ ਵੀ ਇਰਾਦਾ ਕਤਲ ਦੇ ਕੇਸ ਦਰਜ ਹਨ, ਜਿਸ ਦੀ ਸਾਰੀ ਜਾਣਕਾਰੀ ਇਕੱਤਰ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਸੀ।