ਕਰਵਾਏ ਜਾਣਗੇ ਮੁਫਤ ਹੁਨਰ ਸਿਖਲਾਈ ਕੋਰਸ
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਰਵਾਏ ਜਾਣਗੇ ਮੁਫਤ ਹੁਨਰ ਸਿਖਲਾਈ ਕੋਰਸ
Publish Date: Thu, 15 Jan 2026 05:51 PM (IST)
Updated Date: Fri, 16 Jan 2026 04:07 AM (IST)

ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹੇ ਦੇ 2 ਸਰਕਾਰੀ ਸੰਸਥਾਨਾਂ ’ਚ ਮੁਫਤ ਹੁਨਰ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਅਧੀਨ ਸਰਕਾਰੀ ਬਹੁਤਕਨੀਕੀ ਕਾਲਜ ਬਹਿਰਾਮ ਵਿਚ ਫੀਲਡ ਟੈਕਨੀਸ਼ੀਅਨ ਕੰਪੀਊਟਿੰਗ ਪੈਰਾਫਰਲ ਅਤੇ ਸੀਨੀਅਰ ਟੈਕਨੀਸ਼ੀਅਨ ਰੈਫਰਿਜਰੇਸ਼ਨ, ਏਸੀ, ਵਾਸ਼ਿੰਗ ਮਸ਼ੀਨ ਅਤੇ ਸੀ ਪਾਈਟ ਕੈਂਪ ਰਾਹੋਂ ਵਿਖੇ ਸਕਿਓਰਟੀ ਸੁਪਰਵਾਈਜ਼ਰ ਦੇ ਮੁਫਤ ਹੁਨਰ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕੀਮ ਅਧੀਨ ਸ਼ੁਰੂ ਕੀਤੇ ਜਾਣ ਵਾਲੇ ਇਨ੍ਹਾਂ ਮੁਫਤ ਕੋਰਸਾਂ ਵਿਚ 3 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਨ੍ਹਾਂ ਕੋਰਸਾਂ ਵਿਚ ਦਾਖਲੇ ਲਈ ਘੱਟੋ-ਘੱਟ ਯੋਗਤਾ 10ਵੀਂ ਹੈ। ਇਨ੍ਹਾਂ ਕੋਰਸਾਂ ’ਚ ਟ੍ਰੇਨਿੰਗ ਉਪਰੰਤ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਸਬੰਧਤ ਸੈਕਟਰ ਸਕਿਲ ਕੌਸਲ ਵੱਲੋ ਸਰਕਾਰੀ ਸਰਟੀਫਿਕੇਟ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਲਈ ਉਮਰ ਦੀ ਸੀਮਾ 15 ਤੋਂ 45 ਸਾਲ ਤੱਕ ਦੀ ਹੈ। ਜ਼ਿਲ੍ਹੇ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਨੌਜਵਾਨ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣਾ ਚਾਹੁੰਦਾ ਹੋਵੇ। ਤਾਂ 10ਵੀਂ, 12ਵੀਂ, ਆਧਾਰ ਕਾਰਡ, ਜਾਤੀ ਸਰਟੀਫਿਕੇਟ, ਚਾਰ ਪਾਸਪੋਰਟ ਸਾਈਜ਼ ਫੋਟੋਆਂ ਅਤੇ ਬੈਂਕ ਪਾਸਬੁਕ ਦੀਆਂ ਕਾਪੀਆਂ ਲੈ ਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਟੀਮ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਤੀਸਰੀ ਮੰਜਲ, ਕਮਰਾ ਨੰਬਰ 413 ਵਿਖੇ ਸੰਪਰਕ ਕਰ ਸਕਦੇ ਹਨ।