ਮਹਿਲ ਗਹਿਲਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ
ਮਹਿਲ ਗਹਿਲਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
Publish Date: Thu, 15 Jan 2026 05:19 PM (IST)
Updated Date: Fri, 16 Jan 2026 04:04 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪ੍ਰਸਿੱਧ ਮਾਘੀ ਮੇਲੇ ’ਤੇ ਕਰਨ ਹਸਪਤਾਲ ਬੰਗਾ ਵੱਲੋਂ ਡੇਰਾ ਬਾਬਾ ਮੰਗਲ ਦਾਸ ਮਹਿਲ ਗਹਿਲਾ ਵਿਖੇ ਗੱਦੀਨਸ਼ੀਨ ਬਾਬਾ ਸ਼ਾਮ ਦਾਸ ਦੀ ਅਗਵਾਈ ਹੇਠ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ। ਕਰਨ ਹਸਪਤਾਲ ਬੰਗਾ ਦੇ ਐੱਮਡੀ ਡਾ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਮੇਲੇ ’ਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਤੇ ਇਲਾਕੇ ਦੇ ਆਮ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਲੱਗਭਗ 300 ਦੇ ਕਰੀਬ ਮਰੀਜ਼ਾਂ ਨੇ ਆਪਣੇ ਸਿਹਤ ਸਬੰਧੀ ਚੈੱਕਅਪ ਕਰਵਾਏ। ਮਰੀਜ਼ਾਂ ਦੀ ਬਲੱਡ ਪ੍ਰੈਸ਼ਰ, ਸ਼ੂਗਰ, ਖੰਘ, ਰੇਸ਼ਾ, ਬੁਖ਼ਾਰ ਤੇ ਹੋਰ ਆਮ ਬਿਮਾਰੀਆਂ ਦੀ ਪੂਰੀ ਜਾਂਚ ਕੀਤੀ। ਇਸ ਮੌਕੇ ਕਰਨ ਹਸਪਤਾਲ ਬੰਗਾ ਦੀ ਤਜਰਬੇਕਾਰ ਡਾਕਟਰੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਚੈੱਕਅਪ ਤੋਂ ਬਾਅਦ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਉਚਿਤ ਮੈਡੀਕਲ ਸਲਾਹ ਦਿੱਤੀ ਗਈ ਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕਈ ਮਰੀਜ਼ਾਂ ਨੂੰ ਅੱਗੇ ਦੇ ਇਲਾਜ ਲਈ ਸਾਵਧਾਨੀਆਂ ਤੇ ਜੀਵਨ ਸ਼ੈਲੀ ’ਚ ਸੁਧਾਰ ਸਬੰਧੀ ਜਾਣਕਾਰੀ ਵੀ ਦਿੱਤੀ ਗਈ ਤਾਂ ਜੋ ਉਹ ਭਵਿੱਖ ’ਚ ਗੰਭੀਰ ਬਿਮਾਰੀਆਂ ਤੋਂ ਬਚ ਸਕਣ। ਡਾ. ਬਖ਼ਸ਼ੀਸ ਸਿੰਘ ਨੇ ਕਿਹਾ ਕਿ ਅਜਿਹੇ ਸਿਹਤ ਕੈਂਪ ਸਮਾਜ ਦੀ ਭਲਾਈ ਲਈ ਬਹੁਤ ਜ਼ਰੂਰੀ ਹਨ, ਕਿਉਂਕਿ ਇਸ ਨਾਲ ਗਰੀਬ ਤੇ ਲੋੜਵੰਦ ਵਰਗ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਭਵਿੱਖ ’ਚ ਅਜਿਹੇ ਸਮਾਜ=-ਸੇਵੀ ਉਪਰਾਲੇ ਲਗਾਤਾਰ ਜਾਰੀ ਰੱਖੇਗਾ।