ਅਣਪਛਾਤੇ ਕਾਰ ਚਾਲਕ ਤੇ ਸਵਾਰਾਂ ਨੇ ਸਾਬਕਾ ਸਰਪੰਚ ’ਤੇ ਕੀਤਾ ਜਾਨਲੇਵਾ ਹਮਲਾ
ਅਣਪਛਾਤੇ ਕਾਰ ਚਾਲਕ ਤੇ ਸਵਾਰਾਂ ਨੇ ਸਾਬਕਾ ਸਰਪੰਚ ਤੇ ਕੀਤਾ ਜਾਨਲੇਵਾ ਹਮਲਾ
Publish Date: Sun, 19 Apr 2026 03:52 PM (IST)
Updated Date: Mon, 20 Apr 2026 04:01 AM (IST)

- ਬੀਤੇ ਦਿਨ ਸੋਸ਼ਲ ਮੀਡੀਆ ’ਤੇ ਪਾਈ ਸੀ ਵਿਧਾਨ ਸਭਾ ਚੋਣਾਂ ਲੜਨ ਬਾਬਤ ਪੋਸਟ ਜਗਤਾਰ ਮਹਿਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪਿੰਡ ਠਠਿਆਲਾ ਬੇਟ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਤੇ ਅਣਪਛਾਤੇ ਕਾਰ ਚਾਲਕ ਅਤੇ ਸਵਾਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਸਰਪੰਚ ਵੱਲੋਂ ਬੀਤੇ ਦਿਨ ਵਿਧਾਨ ਸਭਾ ਚੋਣਾਂ ਲੜਨ ਬਾਬਤ ਸੋਸ਼ਲ ਮੀਡੀਆ ਉੱਪਰ ਪੋਸਟ ਪਾਈ ਸੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10 ਵਜੇ ਬਲਾਚੌਰ ਤੋਂ ਪਿੰਡ ਨੂੰ ਆਪਣੀ ਕਾਰ ਨੰਬਰ ਪੀਬੀ 01 ਐਫ-0261 ਤੇ ਸਵਾਰ ਹੋ ਕੇ ਆ ਰਹੇ ਸੀ। ਕਾਰ ਵਿਚ ਉਹ ਇਕੱਲੇ ਸੀ ਅਤੇ ਜਦ ਉਹ ਰੋਪੜ ਰੋਡ ਨਜ਼ਦੀਕ ਦੁਆਬਾ ਚਿਕਨ ਕਾਰਨਰ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਚਾਲਕ ਵੱਲੋਂ ਬੜੀ ਅਣਗਹਿਲੀ ਨਾਲ ਉਸ ਦੀ ਕਾਰ ਵਿਚ ਟੱਕਰ ਮਾਰੀ ਅਤੇ ਵੇਖਦੇ ਹੀ ਵੇਖਦੇ ਉਸ ਕਾਰ ਵਿੱਚੋਂ ਇੱਕ ਹੋਰ ਅਣਪਛਾਤਾ ਵਿਅਕਤੀ ਬਾਹਰ ਨਿਕਲਿਆ। ਜਿਸ ਵੱਲੋਂ ਉਸਦੀ ਕਾਰ ਦੀ ਕੰਡਕਟਰ ਸਾਈਡ ਤੋਂ ਪਿੱਛੇ ਵਾਲੀ ਤਾਕੀ ਦਾ ਸ਼ੀਸ਼ਾ ਤੋੜ ਦਿੱਤਾ। ਇਸ ਦੌਰਾਨ ਕਾਰ ਚੋਂ ਉਤਰੇ ਹੋਰਨਾਂ ਨੌਜਵਾਨਾਂ ਨੇ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਕਾਰ ਵਿੱਚੋਂ ਬਾਹਰ ਨਿਕਲਣ ਲਈ ਉਕਸਾਉਣ ਲੱਗੇ। ਪੀੜਿਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੌਕੇ ਦੇ ਨਜਾਕਤ ਨੂੰ ਵੇਖਦੇ ਹੋਏ ਉਥੋਂ ਆਪਣੀ ਘਰ ਕੱਢ ਕੇ ਲੈ ਗਿਆ। ਇਨ੍ਹਾਂ ਅਣਪਛਾਤੇ ਕਾਰ ਚਾਲਕਾਂ ਵੱਲੋਂ ਫਿਰ ਉਸ ਨੂੰ ਨੈਸ਼ਨਲ ਹਾਈਵੇ ਕੰਗਣਾ ਪੁਲ ਤੇ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਗੱਡੀ ਸੜਕ ਵਿਚਕਾਰ ਲਗਾ ਲਈ। ਇਸ ਉਪਰੰਤ ਪੀੜਤ ਜਸਵਿੰਦਰ ਸਿੰਘ ਵੱਲੋਂ ਆਪਣੀ ਜਾਨ ਨੂੰ, ਖਤਰਾ ਵੱਧਦਾ ਵੇਖਦਿਆਂ ਉਥੋਂ ਵੀ ਆਪਣੀ ਕਾਰ ਸਾਈਡ ਤੇ ਕੱਢ ਲਈ। ਇਨ੍ਹਾਂ ਅਣਪਛਾਤੇ ਨੌਜਵਾਨਾਂ ਵੱਲੋਂ ਵਾਰ-ਵਾਰ ਉਸ ਦੇ ਕਾਰ ਵਿਚ ਟੱਕਰ ਮਾਰੀ। ਇਹ ਨੌਜਵਾਨ ਪਿੰਡ ਨਿਆਣਾ ਬੇਟ ਦੀ ਚੱਕੀ ਤੱਕ ਉਸਦਾ ਪਿੱਛਾ ਕਰਦੇ ਹੋਏ ਆਏ। ਮਗਰ ਇਸ ਦੌਰਾਨ ਜਸਵਿੰਦਰ ਸਿੰਘ ਉਨ੍ਹਾਂ ਦੇ ਕਾਬੂ ਨਹੀਂ ਆਏ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਹੀ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਆਉਣ ਵਾਲੀ ਵਿਧਾਨ ਸਭ ਚੋਣ ਲੜਨ ਬਾਬਤ ਪੋਸਟ ਪਾਈ ਸੀ। ਉਨ੍ਹਾਂ ਮੁੱਖ ਥਾਣਾ ਅਫਸਰ ਸਿਟੀ ਬਲਾਚੌਰ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਅਪੀਲ ਕੀਤੀ ਕਿ ਇਨ੍ਹਾਂ ਹਮਲਾਵਰਾਂ ਦਾ ਪਤਾ ਲੱਗਾ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੁੱਖ ਥਾਣਾ ਅਫਸਰ ਸਿਟੀ ਬਲਾਚੌਰ ਨੇ ਆਖਿਆ ਕਿ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਹ ਨੌਜਵਾਨ ਪੁਲਿਸ ਗ੍ਰਿਫਤ ’ਚ ਹੋਣਗੇ।