ਗਾਬਾ ਗਾਰਮੈਂਟ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਗਾਬਾ ਗਾਰਮੇਂਟ 'ਚ ਲੱਗੀ ਅੱਗ, ਲੱਖਾਂ ਦੇ ਨੁਕਸਾਨ ਦੀ ਆਸ਼ੰਕਾ
Publish Date: Wed, 22 Apr 2026 05:29 PM (IST)
Updated Date: Wed, 22 Apr 2026 05:34 PM (IST)

ਮਾਲੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਨਵਾਂਸ਼ਹਿਰ : ਗਾਬਾ ਗਾਰਮੈਂਟ ਗੀਤਾ ਭਵਨ ਰੋਡ ਨੇੜੇ ਬੜਵਾਲ ਇਲੈਕਟ੍ਰਾਨਿਕਸ ਵਿਖੇ ਅੱਜ ਬਾਅਦ ਦੁਪਹਿਰ 12.30 ਵਜੇ ਜੈਨਰੇਟਰ ਤੇ ਏਅਰਕੰਡੀਸ਼ਨ ’ਚੋਂ ਉਠੀ ਚਿੰਗਾਰੀ ਕਾਰਨ ਲੱਗੀ ਅੱਗ ਨੇ ਦੁਕਾਨ ਤੇ ਗੋਦਾਮ ਵਿਖੇ ਰੱਖੇ ਕੱਪੜੇ ਤੇ ਹੋਰ ਸਮਾਨ ਨੂੰ ਭਾਰੀ ਨੁਕਸਾਨ ਪਹੁੰਚਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਿਕ ਸੰਜੀਵ ਗਾਬਾ ਤੇ ਉਨ੍ਹਾਂ ਦੇ ਪੁੱਤਰ ਸ਼ਿਵਮ ਗਾਬਾ ਨੇ ਦੱਸਿਆ ਕਿ ਉਨ੍ਹਾਂ ਦੇ ਸਟੋਰ ਰੁਮ ’ਚੋਂ ਕੁੱਝ ਕੁੜੀਆਂ ਕੱਪੜੇ ਦੇ ਸਟਾਕ ਨੂੰ ਅੱਗੇ-ਪਿੱਛੇ ਕਰ ਰਹੀਆਂ ਸਨ ਕਿ ਅਚਾਨਕ ਏਅਰਕੰਡੀਸ਼ਨ ਤੇ ਜੈਨਰੇਟਰ ਦੀ ਪਾਇਪ ਲੀਕ ਹੋਣ ਕਾਰਨ ਡੁੱਲ੍ਹੇ ਡੀਜ਼ਲ ਚ ਲੱਗੀ ਅੱਗ ਭੜਕ ਗਈ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ 3 ਗੱਡੀ ਨੂੰ ਅੱਗ ’ਤੇ ਕਾਬੂ ਪਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਫਾਇਰ ਬ੍ਰਿਗੇਡ ਦੀ ਗੱਡੀ ਮੁੱਖ ਬਾਜ਼ਾਰ ਦੀਆਂ ਛੋਟੀਆਂ ਗਲੀਆਂ ਤੇ ਦੁਕਾਨਦਾਰਾਂ, ਰੇਹੜੀਆਂ, ਫੜੀਆਂ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਕਾਰਨ ਕਾਫੀ ਦੂਰ ਹੀ ਰੋਕ ਦਿੱਤੀ ਗਈ। 12.30 ਵਜੇ ਤੱਕ ਅੱਗ ਨੂੰ ਕਾਬੂ ਪਾਉਣ ਦੇ ਉਪਰਾਲੇ ਜਾਰੀ ਰਹੇ। ਸੰਜੀਵ ਗਾਬਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਛੱਤ ’ਤੇ ਲਗੀਆਂ ਟੀਨਾਂ ਨੂੰ ਪੁੱਟ ਕੇ ਗੁਦਾਮ ਦੇ ਅੰਦਰ ਐਂਟਰੀ ਕੀਤੀ। ਇਸ ਦੌਰਾਨ ਦੂਜੀ ਮੰਜ਼ਿਲ ’ਤੇ ਫਸੀਆਂ ਕੁੜੀਆਂ ਨੂੰ ਵੀ ਦੁਕਾਨ ਤੋਂ ਬਾਹਰ ਕੱਢਿਆ ਗਿਆ। ਮੌਕੇ ’ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਥਾਨਕ ਦੁਕਾਨਦਾਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਉਧਰ ਇਸ ਮੌਕੇ ਗਾਬਾ ਗਾਰਮੈਂਟ ਦੇ ਮਾਲਕਾਂ ਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਮਨੋਜ ਕੁਮਾਰ ਲਾਡੀ ਨੇ ਗਾਬਾ ਗਾਰਮੈਂਟ ਚ ਲੱਗੀ ਅੱਗ ’ਤੇ ਕਾਬੂ ਪਾਉਣ ਵਿਚ ਹਰ ਸੰਭਵ ਮਦਦ ਕਰਨ ਵਾਲੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ, ਫਾਇਰ ਬ੍ਰਿਗੇਡ ਅਫ਼ਸਰ, ਮੁਲਾਜ਼ਮਾਂ ਤੇ ਸਾਰੇ ਦੁਕਾਨਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਹੈ। ਇਸ ਹਾਦਸੇ ਵਿਚ ਮਾਲੀ ਨੁਕਸਾਨ ਹੋਇਆ ਹੈ ਜਦਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ ਚ ਨਾਜਾਇਜ਼ ਕਬਜ਼ਿਆਂ ਦਾ ਬੋਲਬਾਲਾ ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ ਜਿਵੇਂ ਕੋਠੀ ਰੋਡ, ਗੀਤਾ ਭਵਨ ਰੋਡ, ਰੇਲਵੇ ਰੋਡ, ਆਰੀਆ ਸਮਾਜ ਰੋਡ, ਤਾਰਾ ਆਈਸ ਫੈਕਟਰੀ ਰੋਡ ਸਮੇਤ ਹੋਰਨਾਂ ਮੁੱਖ ਮਾਰਗਾਂ ਤੇ ਫੁੱਟਪਾਥ ’ਤੇ ਕੀਤੇ ਨਾਜਾਇਜ਼ ਕਬਜਿਆਂ ਕਾਰਨ ਲੋਕਾਂ ਨੂੰ ਮਜ਼ਬੂਰਨ ਸੜਕ ’ਤੇ ਤੁਰਨਾ ਪੈਂਦਾ ਹੈ। ਇਸੇ ਤਰ੍ਹਾਂ ਜੇਕਰ ਮੁੱਖ ਬਾਜ਼ਾਰ ਵਿਚ ਕੋਈ ਅੱਗਜਨੀ ਜਾਂ ਹੋਰ ਦੁਰਘਟਨਾ ਵਾਪਰ ਜਾਵੇ ਤਾਂ ਮੌਕੇ ਤੋਂ ਦੁਕਾਨਦਾਰ, ਰੇਹੜੀ, ਫੜੀ ਵਾਲਿਆਂ ਵੱਲੋਂ ਸਵੇਰੇ ਦੇ ਸਮੇਂ ਫੁੱਟਪਾਥ ਤੇ ਖਿਲਾਰਿਆ ਸਮਾਨ ਇਕੱਠਾ ਕਰਨਾ ਔਖਾ ਜਾਪਦਾ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਭੀੜੇ ਬਾਜ਼ਾਰਾਂ ਵਿਚ ਖੋਲ੍ਹੇ ਜਾ ਰਹੇ ਸ਼ੋਅਰੂਮਾਂ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ।ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਨ ਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਡਰਾਈਵਰਾਂ ਤੇ ਫਾਇਰਮੈਨਾਂ ਦੀ ਤਾਇਨਾਤੀ ਕੀਤੀ ਜਾਵੇ ਇਸ ਮੌਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਿਹਾ ਕਿ ਨਗਰ ਕੌਂਸਲ ਨਵਾਂਸ਼ਹਿਰ ਅਧੀਨ ਚੱਲ ਰਹੀਆਂ ਫਾਇਰ ਸੇਵਾਵਾਂ ਨੂੰ ਬਰਕਰਾਰ ਰੱਖਣ ਲਈ ਭਾਵੇਂ ਨਵੀਆਂ ਗੱਡੀਆਂ ਆ ਗਈਆਂ ਹਨ ਪਰ ਨਵੇਂ ਡਰਾਈਵਰ ਤੇ ਫਾਇਰਮੈਨਾਂ ਦੀ ਭਰਤੀਆਂ ਨਹੀਂ ਕੀਤੀਆਂ ਗਈਆਂ ਹਨ, ਜਿਸ ਕਾਰਨ ਵੱਡੇ ਹਾਦਸਿਆਂ ਚ ਬਚਾਅ ਕਾਰਜ ਵਿਚ ਦਿੱਕਤਾਂ ਆਉਂਦੀਆਂ ਹਨ। ਲੋਕਾਂ ਨੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਕਿੱਲਤ ਨੂੰ ਦੂਰ ਕਰਨ ਦੇ ਯੋਗ ਉਪਰਾਲੇ ਕੀਤੇ ਜਾਣ। ਹਾਦਸਿਆਂ ਚ ਲੋਕਾਂ ਦੀਆਂ ਜਾਨਾਂ ਬਚਾਉਣ ਵਾਲਿਆਂ ਨੂੰ ਸਨਮਾਨਤ ਕਰਨ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਬਣਦਾ ਗੌਰ ਕਰੇ।