ਯੂਰੀਆ ਖਾਦ ਦੀ ਕਿੱਲਤ ਕਰ ਕੇ ਹੋਵੇਗਾ ਕਿਸਾਨਾਂ ਦਾ ਨੁਕਸਾਨ : ਰਾਣਾ
ਯੂਰੀਆ ਖਾਦ ਦੀ ਕਿੱਲਤ ਕਰਕੇ ਹੋਵੇਗਾ ਕਿਸਾਨਾਂ ਦਾ ਨੁਕਸਾਨ-ਕਰਨ ਸਿੰਘ ਰਾਣਾ
Publish Date: Sat, 10 Jan 2026 06:23 PM (IST)
Updated Date: Sun, 11 Jan 2026 04:09 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਯੂਰੀਆ ਖਾਦ ਦੀ ਕਿੱਲਤ ਕਾਰਨ ਕਿਸਾਨਾਂ ਵਿਚ ਹਾਹਾਕਾਰ ਮਚੀ ਹੋਈ ਹੈ। ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਦੱਸਿਆ ਕਿ ਕਣਕ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਸਮੇਂ ਸਿਰ ਡੀਏਪੀ ਖਾਦ ਨਹੀਂ ਮਿਲੀ ਅਤੇ ਹੁਣ ਜਦੋਂ ਯੂਰੀਆ ਦੀ ਲੋੜ ਹੈ ਤਾਂ ਉਹ ਵੀ ਨਹੀਂ ਮਿਲ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਖਾਦ ਦੀ ਕਿੱਲਤ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਜ਼ਿੰਮੇਵਾਰ ਹਨ। ਸਰਕਾਰਾਂ ਦੀ ਗੈਰ-ਜ਼ਿੰਮੇਵਾਰੀ ਕਾਰਨ ਕਿਸਾਨਾਂ ਨੂੰ ਹੋਵੇਗਾ ਵੱਡਾ ਆਰਥਿਕ ਨੁਕਸਾਨ ਪਰ ਸਰਕਾਰ ਆਪਣੀ ਨਾਲਾਇਕੀ ਸੁਧਾਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਖਾਦ ਦੀ ਕਿੱਲਤ ਫਸਲ ਦੇ ਝਾੜ ਨੂੰ ਪ੍ਰਭਾਵਿਤ ਕਰੇਗੀ ਅਤੇ ਕਿਸਾਨ ਦਾ ਆਰਥਿਕ ਨੁਕਸਾਨ ਹੋਵੇਗਾ। ਸਾਥੀ ਰਾਣਾ ਨੇ ਚਿੰਤਾ ਪ੍ਰਗਟ ਕੀਤੀ ਕਿ ਯੂਰੀਆ ਦੀ ਕਿੱਲਤ ਕਾਰਨ ਬਲੈਕੀਏ ਸਰਗਰਮ ਹੋ ਗਏ ਹਨ ਪਰ ਸਰਕਾਰਾਂ ਦੀ ਚੁੱਪੀ ਠੀਕ ਸੰਕੇਤ ਨਹੀਂ ਦਿੰਦੀ। ਖੁੱਲੇ ਬਾਜ਼ਾਰ ਵਿਚ ਯੂਰੀਆ ਦੇ ਬਦਲਵੇਂ ਤਰਲ ਦਿੱਤੇ ਜਾ ਰਹੇ ਹਨ। ਜੋ ਕਿ ਮਹਿੰਗੇ ਵੀ ਹਨ ਅਤੇ ਪੂਰਾ ਕੰਮ ਵੀ ਨਹੀਂ ਕਰਦੇ। ਅੱਜ ਕਿਸਾਨ ਨੂੰ ਕਈ ਸ਼ਰਤਾਂ ਨਾਲ ਖੁੱਲੇ ਬਾਜ਼ਾਰ ਵਿਚ ਮਹਿੰਗਾ ਯੂਰੀਆ ਲੈਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਯੂਰੀਆ ਦੀ ਘਾਟ ਨੂੰ ਪੂਰਾ ਕਰੇ ਅਤੇ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕ ਕੇ ਕਿਸਾਨਾਂ ਨੂੰ ਰਾਹਤ ਦੇਵੇ। ਜੇ ਅਜਿਹਾ ਨਾ ਹੋਇਆ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।