ਬੱਲੋਵਾਲ ਸੌਂਖੜੀ ’ਚ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ
ਬੱਲੋਵਾਲ ਸੌਂਖੜੀ ਵਿਖੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਗਾਇਆ
Publish Date: Sat, 14 Mar 2026 08:30 PM (IST)
Updated Date: Sun, 15 Mar 2026 04:16 AM (IST)

ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪੀਏਯੂ ਦੇ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਡਾ. ਦੇਵ ਰਾਜ ਭੂੰਬਲਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਲਗਾਇਆ। ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਸਨ। ਸ. ਕੰਗ ਨੇ ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਨਿਰਮਿਤ ਕੀਤੇ ਗਏ ਨਵੇਂ ਹੋਸਟਲ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਅਨਾਜ ਦੇ ਸੰਕਟ ਵੇਲੇ ਪੰਜਾਬ ਨੇ ਦੇਸ਼ ਦੀ ਅਗਵਾਈ ਕੀਤੀ। ਇਸਦਾ ਮੁੱਲ ਪੰਜਾਬੀ ਕੁਦਰਤੀ ਸਰੋਤਾਂ ਨੂੰ ਤਾਰਨਾ ਪਿਆ ਹੈ। ਉਨ੍ਹਾਂ ਨੇ ਖੇਤੀ ਵਿਭਿੰਨਤਾ ਲਈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਵਿਚ ਹੋਰ ਸੰਜੀਦਗੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਲਈ ਝੋਨੇ ਕਣਕ ਦੇ ਬਦਲ ਵਿਚ ਹੋਰ ਫ਼ਸਲਾਂ ਦੇ ਸਮਰਥਨ ਮੁੱਲ ਦੀ ਮੰਗ ਦੇ ਨਾਲ ਨਾਲ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਪੀਏਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਖੇਤੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕੀਤਾ। ਸ. ਕੰਗ ਨੇ ਕਿਸਾਨਾਂ ਨੂੰ ਇਸ ਗਿਆਨ ਕੇਂਦਰ ਨਾਲ ਜੁੜਨ ਲਈ ਕਿਹਾ। ਸੰਸਦ ਮੈਂਬਰ ਨੇ ਆਉਂਦੀਆਂ ਪੀੜ੍ਹੀਆਂ ਦੇ ਭਵਿੱਖ ਲਈ ਫਿਕਰਮੰਦੀ ਨੂੰ ਗਹਿਰੀ ਤੇ ਗੰਭੀਰ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮਕਸਦ ਲਈ ਯੂਨੀਵਰਸਿਟੀ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖਣ ਤੇ ਆਪਣੇ ਵੱਲੋਂ ਹਰ ਸੰਭਵ ਇਮਦਾਦ ਦੇਣ ਦਾ ਵਾਅਦਾ ਵੀ ਕੀਤਾ। ਸ. ਕੰਗ ਨੇ ਕਿਸਾਨੀ ਨੂੰ ਪੁਰਜ਼ੋਰ ਸੰਦੇਸ਼ ਤਹਿਤ ਕਿਹਾ ਕਿ ਖੇਤੀ ਨੂੰ ਪ੍ਰੋਸੈਸਿੰਗ ਅਤੇ ਸਵੈ ਮੰਡੀਕਰਨ ਦੇ ਰਸਤੇ ਤੋਰਨਾ ਅੱਜ ਦੀ ਲੋੜ ਹੈ ਤਾਂ ਜੋ ਵਿਚੋਲੀਏ ਦੀ ਥਾਂ ਮੁਨਾਫਾ ਸਿੱਧਾ ਕਿਸਾਨ ਤਕ ਪੁੱਜ ਸਕੇ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮੇਲੇ ਕਿਸਾਨਾਂ ਦੀਆਂ ਮੁਸ਼ਕਲਾਂ ਜਾਨਣ, ਉਨ੍ਹਾਂ ਦੇ ਅਨੁਭਵਾਂ ਤੋਂ ਸਿੱਖਣ ਅਤੇ ਉਨ੍ਹਾਂ ਨੂੰ ਸਹੀ ਮਾਰਗ ਦੱਸਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬ ਦੀਆਂ ਭੂਗੋਲਿਕ ਹਾਲਤਾਂ ਦੀ ਵੱਖਰਤਾ ਦੇ ਮੱਦੇਨਜ਼ਰ ਇਨ੍ਹਾਂ ਕਿਸਾਨ ਮੇਲਿਆਂ ਦੀ ਵਿਉਂਤਬੰਦੀ ਕੀਤੀ ਹੈ। ਤਾਂ ਜੋ ਪੰਜਾਬ ਦੇ ਖੇਤੀ ਦਾ ਸਮੁੱਚੇ ਤੌਰ ਤੇ ਵਿਕਾਸ ਸੰਭਵ ਹੋ ਸਕੇ। ਇਨ੍ਹਾਂ ਮੇਲਿਆਂ ਦਾ ਉਦੇਸ਼ ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕਾ ਸਿੰਚਾਈ ਲਈ ਜ਼ਿਆਦਾਤਰ ਮੀਂਹ ਦੇ ਪਾਣੀ ਉੱਪਰ ਨਿਰਭਰ ਕਰਦਾ ਹੈ। ਇਸ ਲਈ ਪੀਏਯੂ ਨੇ ਇਸ ਖੇਤਰ ਵਾਸਤੇ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੀਆਂ ਉੱਨਤ ਕਿਸਮਾਂ ਤਾਂ ਵਿਕਸਤ ਕੀਤੀਆਂ ਹੀ ਹਨ, ਨਾਲ ਹੀ ਸੂਖਮ ਸਿੰਚਾਈ ਵਿਧੀਆਂ ਵੀ ਸਾਮ੍ਹਣੇ ਲਿਆਂਦੀਆਂ ਹਨ। ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਵਿਚ 10 ਫ਼ੀਸਦੀ ਸੀਟਾਂ ਇਸੇ ਇਲਾਕੇ ਦੇ ਬੱਚਿਆਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਬਣਾਏ ਨਵੇਂ ਹੋਸਟਲ ਲਈ ਦਿਖਾਈ ਸਰਗਰਮੀ ਅਤੇ ਇਮਦਾਦ ਲਈ ਮਾਲਵਿੰਦਰ ਸਿੰਘ ਕੰਗ ਅਤੇ ਸਮੂਹ ਸਰਕਾਰ ਦਾ ਧੰਨਵਾਦ ਕੀਤਾ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਾਉਣੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਡਾ. ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਨੇ ਸਹਿਯੋਗ ਕਰਕੇ ਦੇਸ਼ ਵਿਚ ਖੇਤੀ ਦਾ ਵਿਕਾਸ ਕਰਕੇ ਅੰਨ ਦੀ ਕਮੀ ਤੋਂ ਵਾਧੂ ਅਨਾਜ ਤਕ ਪੁਚਾਇਆ ਹੈ। ਉਨ੍ਹਾਂ ਕਿਹਾ ਕਿ ਪੀਏਯੂ ਨੇ ਹੁਣ ਤਕ 991 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਅਤੇ 250 ਤੋਂ ਵੱਧ ਦੇਸ਼ ਨੂੰ ਕਾਸ਼ਤ ਲਈ ਦਿੱਤੀਆਂ ਹਨ। ਡਾ. ਢੱਟ ਨੇ ਪੀਏਯੂ ਵੱਲੋਂ ਪਿਛਲੇ ਛੇ ਮਹੀਨਿਆਂ ਵਿਚ ਸਿਫ਼ਾਰਸ਼ ਲਈ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਨਵੀਆਂ ਕਿਸਮਾਂ ਵਿਚ ਉਹਨਾਂ ਝੋਨੇ ਦੀ ਕਿਸਮ ਪੀਆਰ 133 ਦਾ ਜ਼ਿਕਰ ਕੀਤਾ ਜੋ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ, ਮਿਆਰੀ ਚੌਲਾਂ ਵਾਲੀ ਅਤੇ ਵੱਖ-ਵੱਖ ਖੋਜ ਤਜਰਬਿਆਂ ਵਿੱਚੋਂ ਉੱਤਮ ਪਾਈ ਗਈ ਦਰਮਿਆਨੇ ਸਮੇਂ ਦੀ ਕਿਸਮ ਹੈ। ਕਪਾਹ ਦੀ ਦੇਸੀ ਕਿਸਮ ਪੀਬੀਡੀ 88 ਦਾ ਜ਼ਿਕਰ ਕਰਦਿਆਂ ਡਾ. ਢੱਟ ਨੇ ਦੱਸਿਆ ਕਿ ਇਹ ਕਿਸਮ 28 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਵਾਲੀ ਅਤੇ ਰੂੰ ਦੇ ਵਧੇਰੇ ਕਸ ਵਾਲੀ ਕਿਸਮ ਹੈ। ਚਿੱਟੀ ਮੱਖੀ ਅਤੇ ਸੋਕੇ ਵਾਲੀਆਂ ਬਿਮਾਰੀਆਂ ਦਾ ਇਸ ਉੱਪਰ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਮੱਕੀ ਦਾ ਹਾਈਬ੍ਰਿਡ ਐੱਨ ਕੇ 7328 ਦਾ ਜ਼ਿਕਰ ਵੀ ਨਿਰਦੇਸ਼ਕ ਖੋਜ ਨੇ ਵਿਸ਼ੇਸ਼ ਰੂਪ ਵਿਚ ਕੀਤਾ। ਇਸੇ ਤਰਾਂ ਖਰਬੂਜੇ ਦੀ 92 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਵਾਲੀ ਕਿਸਮ ਐੱਮਐੱਚ 56 ਬਾਰੇ ਦੱਸਿਆ ਅਤੇ ਸੁਰੱਖਿਅਤ ਖੇਤੀ ਲਈ ਬੈਂਗਣਾਂ ਦੀ ਕਿਸਮ ਪੀਸੀਡੀਐਚ 1 ਨੂੰ ਵਿਸ਼ੇਸ਼ਤਾ ਵਾਲੀ ਕਿਸਮ ਦੱਸਿਆ। ਕਾਲੀ ਤੋਰੀ ਪੀਐੱਸਐੱਚਜੀ 1 ਅਤੇ 2 ਨੂੰ ਵੀ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਵਜੋਂ ਪੇਸ਼ ਕੀਤਾ। ਇਸ ਇਲਾਕੇ ਲਈ ਮਟਰਾਂ ਦੀ ਕਿਸਮ ਮਟਰ ਅਗੇਤਾ 8 ਨੂੰ ਸਿਫ਼ਾਰਿਸ਼ ਕੀਤਾ। ਜਿਹੜੀ 65-70 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਹੈ। ਫਲਾਂ ਵਿਚ ਆੜੂ ਦੀ ਕਿਸਮਾਂ ਪੰਜਾਬ ਆੜੂ 1 ਅਤੇ 2 ਨੂੰ ਸਿਫ਼ਾਰਿਸ਼ ਕਰਦਿਆਂ ਨਿਰਦੇਸ਼ਕ ਖੋਜ ਨੇ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ। ਇਸੇ ਤਰ੍ਹਾਂ ਨੈਕਟਰੀਨ ਦੀਆਂ ਨਵੀਆਂ ਕਿਸਮਾਂ ਦੇ ਹਵਾਲੇ ਤੋਂ ਬਿਨਾਂ ਖੇਤੀ ਜੰਗਲਾਤ ਲਈ ਜੋੜ ਤੋੜ ਬਾਰੇ ਦੱਸਿਆ। ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਰਾਕੇਸ਼ ਕੁਮਾਰ ਨੇ ਕਿਸਾਨ ਭਲਾਈ ਅਤੇ ਖੇਤੀ ਯੋਜਨਾਵਾਂ ਦੀ ਸਾਂਝ ਹਾਜ਼ਿਰ ਕਿਸਾਨਾਂ ਨਾਲ ਪਵਾਈ। ਇਸ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਅਗਾਂਹ ਵਧੂ ਕਿਸਾਨਾਂ ਰਣਜੀਤ ਸਿੰਘ ਪਿੰਡ ਕੁੱਕੜਾਂ, ਅਰਵਿੰਦਰ ਸਿੰਘ ਮਾਨ, ਪਿੰਡ ਰਾਮਪੁਰ ਦੇ ਬਰਜਿੰਦਰ ਸਿੰਘ ਤਾਂਬਰ, ਪਿੰਡ ਗਹਿਲ ਮਜਾਰੀ ਦੇ ਚਰਨਜੀਤ ਸਿੰਘ ਝੱਜ, ਪਿੰਡ ਖੇੜਾ ਕੋਟਲੀ ਦੇ ਗੁਰਮੀਤ ਸਿੰਘ ਅਤੇ ਪਿੰਡ ਢੇਰ ਰੋਪੜ ਦੇ ਹਰਜਾਪ ਸਿੰਘ ਪ੍ਰਮੁੱਖ ਹਨ।। ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਡਾ. ਰਿਆੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੀ ਪ੍ਰਮਾਣਿਕ ਜਾਣਕਾਰੀ ਲਈ ਪੀਏਯੂ ਦੇ ਖੇਤੀ ਸਾਹਿਤ ਨਾਲ ਜੁੜਨ। ਅੰਤ ਵਿਚ ਧੰਨਵਾਦ ਦੇ ਸ਼ਬਦ ਪੀਏਯੂ-ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਕਹੇ। ਪੀਏਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਕਿਸਾਨਾਂ ਨਾਲ ਸਵਾਲ ਜਵਾਬ ਸੈਸ਼ਨ ਦੌਰਾਨ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਕੀਤੀ।