ਭਾਰੀ ਬਾਰਿਸ਼ ਪੈਣ ਕਰ ਕੇ ਕਿਸਾਨਾਂ ਦੇ ਚਿਹਰੇ ਖਿੜੇ
ਭਾਰੀ ਬਾਰਿਸ਼ ਪੈਣ ਕਰਕੇ ਕਿਸਾਨਾਂ ਦੇ ਚਿਹਰੇ ਖਿੜੇ
Publish Date: Fri, 23 Jan 2026 06:12 PM (IST)
Updated Date: Sat, 24 Jan 2026 04:10 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਅੱਜ ਬਸੰਤ ਪੰਚਮੀ ਦਾ ਦਿਹਾੜਾ ਖਾਲਸਾ ਪੰਥ ਲਈ ਖੁਸ਼ੀਆਂ ਭਰਿਆ ਹੈ। ਕਿਉਂਕਿ ਅੱਜ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਾਹਰਾਜ ਜੀ ਦਾ ਵਿਆਹ ਪੁਰਬ ਹੈ। ਅੱਜ ਸਿੱਖ ਸੰਗਤਾਂ ਲੱਖਾਂ ਦੀ ਤਾਦਾਦ ਵਿਚ ਗੁਰੂ ਕਾ ਲਾਹੌਰ ਨੇੜੇ ਸ਼੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ।।ਇਹ ਵਿਚਾਰ ਕਿਸਾਨ ਆਗੂ ਸਾਬਕਾ ਸਰਪੰਚ ਗੁਰਮੁਖ ਸਿੰਘ ਕਮਾਲਪੁਰ ਨੇ ਸਾਂਝੇ ਕਰਦਿਆਂ ਕਿਹਾ ਕਿ ਸਰਦ ਰੁੱਤ ਦੇ ਅਖੀਰ ਵਿਚ ਸਮੁੱਚੇ ਪੰਜਾਬ ਵਿਚ ਭਾਰੀ ਬਾਰਿਸ਼ ਹੋਣ ਦੇ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ। ਕਿਸਾਨ ਆਗੂ ਨੇ ਕਿਹਾ ਕਿ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਕਿਸਾਨਾਂ ਦੀਆਂ ਨਜ਼ਰਾਂ ਅਸਮਾਨ ਵੱਲ ਲੱਗੀਆਂ ਹੋਈਆਂ ਸਨ ਪਰ ਬਾਰਿਸ਼ ਨਾ ਹੋਣ ਕਰ ਕੇ ਫਸਲਾਂ ਦੇ ਵਾਧੇ ਵਿਚ ਕਾਫੀ ਰੁਕਾਵਟ ਮਹਿਸੂਸ ਕੀਤੀ ਜਾ ਰਹੀ ਸੀ ਤੇ ਫ਼ਸਲਾਂ ਵਿਚ ਕੋਈ ਬਿਮਾਰੀ ਪੈਦਾ ਹੋਣ ਦਾ ਡਰ ਬਣਿਆ ਹੋਇਆ ਸੀ। ਇਸ ਭਾਰੀ ਬਾਰਿਸ਼ ਪੈਣ ਨਾਲ ਜਿੱਥੇ ਫਸਲਾਂ ਵਿੱਚ ਹਾਨੀਕਾਰਕ ਕੀੜੇ ਪੈਦਾ ਹੋਣ ਤੋਂ ਰੋਕਥਾਮ ਹੋਈ ਹੈ। ਇਸ ਦੇ ਨਾਲ ਆਮ ਜਨਜੀਵਨ ਵਿਚ ਕਿਸੇ ਖ਼ਤਰਨਾਕ ਬੀਮਾਰੀ ਦੇ ਫੈਲਣ ਤੋਂ ਕਾਫੀ ਬਚਾਅ ਹੋ ਗਿਆ ਅਤੇ ਮੌਸਮ ਬੜਾ ਸੁਹਾਵਣਾ ਬਣ ਗਿਆ ਹੈ। ਅਗਾਊ ਗਰਮੀ ਪੈਣ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਸੀ। ਇਸ ਬਾਰਿਸ਼ ਨੇ ਜੰਗਲੀ ਜੀਵ ਜੰਤੂਆਂ ਨੂੰ ਵੀ ਰਾਹਤ ਪ੍ਰਦਾਨ ਕੀਤੀ ਹੈ। ਕਿਉਂਕਿ ਜੰਗਲੀ ਜੀਵਾਂ ਦੀ ਖੁਰਾਕ ਘਾਹ ਬੂਟੀ ਦੀ ਫਸਲ ਜੰਗਲ ਵਿਚ ਵਾਧਾ ਹੋਣ ਕਰ ਕੇ ਕਿਸਾਨਾਂ ਦੀ ਫਸਲ ਦਾ ਉਜਾੜਾ ਹੋਣ ਤੇ ਬਚਾਅ ਹੋ ਜਾਵੇਗਾ। ਜੰਗਲੀ ਜਾਨਵਰਾਂ ਨੂੰ ਜੰਗਲ ਵਿਚ ਹੀ ਘਾਹ ਬੂਟੀ ਵਿਚ ਵਾਧਾ ਹੋ ਜਾਣ ਦੇ ਆਸਾਰ ਪੈਦਾ ਹੋ ਗਏ ਹਨ।।ਅੱਜ ਬਸੰਤ ਪੰਚਮੀ ਦਾ ਤਿਉਹਾਰ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਪਤੰਗ ਵੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੇ ਚਿਹਰਿਆਂ ਤੇ ਮਾਯੂਸੀ ਛਾਈ ਹੋਈ ਮਹਿਸੂਸ ਹੋਈ ਹੈ।