ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਾਇਆ
ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ
Publish Date: Sun, 01 Mar 2026 05:29 PM (IST)
Updated Date: Mon, 02 Mar 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ। ਜਿਸ ਵਿਚ ਡਾ. ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਨੇ ਮੌਜੂਦਾ ਸਮੇਂ ਵਧ ਰਹੀ ਮੌਸਮੀ ਗਰਮੀ ਤੋਂ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਨੂੰ ਬਚਾਉਣ ਲਈ ਹਲਕਾ ਪਾਣੀ ਲਗਾਉਣ ਅਤੇ 4 ਕਿੱਲੋ ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਸਪਰੇਅ 200 ਲਿਟਰ ਪਾਣੀ ਵਰਤ ਕੇ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫ਼ਸਲ ਵਿਚ ਪੀਲੀ ਕੁੰਗੀ ਬਿਮਾਰੀ ਤੋਂ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜਿੱਥੇ ਪੀਲੀ ਕੁੰਗੀ ਕਾਰਨ ਪੀਲਾ ਪਾਊਡਰ ਪੱਤਿਆਂ ’ਤੇ ਮਿਲੇ ਉਥੇ ਪੀਏਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਕੈਮੀਕਲ ਦਵਾਈ ਵਰਤ ਕੇ ਰੋਕਥਾਮ ਕਰਨ ਲਈ ਕਿਸਾਨਾਂ ਨੂੰ ਸਲਾਹ ਦਿੱਤੀ। ਡਾ. ਜਸਵਿੰਦਰ ਕੁਮਾਰ ਨੇ ਆਉਂਦੇ ਸੀਜ਼ਨ ਦੌਰਾਨ ਗਰਮੀ ਰੁੱਤ ਦੀ ਮੂੰਗੀ, ਬਹਾਰ ਰੁੱਤ ਵਿਚ ਮੂੰਗਫ਼ਲੀ ਅਤੇ ਗੰਨੇ ਦੀ ਕਾਸ਼ਤ ਬਾਰੇ, ਸਾਉਣੀ ਰੁੱਤ ਵਿਚ ਮੱਕੀ, ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣਾ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕੇਵੀਕੇ ਲੰਗੜੋਆ ਵੱਲੋਂ ਸਾਉਣੀ ਰੁੱਤ ਲਈ ਮੁਹੱਈਆ ਕਰਵਾਏ ਜਾ ਰਹੇ ਵੱਖ-ਵੱਖ ਫ਼ਸਲਾਂ ਦੇ ਬੀਜਾਂ ਬਾਰੇ, ਕਿੱਤਾ ਮੁਖੀ ਕਿਸਾਨ ਸਿਖਲਾਈ ਕੋਰਸਾਂ ਬਾਰੇ ਅਤੇ ਪੀਏਯੂ ਲੁਧਿਆਣਾ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੋਂ ਖੇਤੀਬਾੜੀ ਅਫ਼ਸਰ ਡਾ. ਕਿਰਨਜੀਤ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ। ਵੱਖ-ਵੱਖ ਕਿਸਾਨ ਪੱਖੀ ਸਕੀਮਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਹਾੜ੍ਹੀ ਦੀਆਂ ਫ਼ਸਲਾਂ ਵਿਚ ਕੀੜਿਆਂ ਦੀ ਰੋਕਥਾਮ ਆਰਥਿਕ ਕਗਾਰ ਉੱਤੇ ਕਰਨ ਦੀ ਸਲਾਹ ਦਿੱਤੀ। ਤਾਂ ਜੋ ਕਿਸਾਨ ਬੇਲੋੜੀਆਂ ਕੈਮੀਕਲ ਦਵਾਈਆਂ ਤੋਂ ਬਚ ਸਕਣ।।ਡਾ. ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਇਨਪੁੱਟ ਖਰੀਦਣ ਸਮੇਂ ਦੁਕਾਨਦਾਰ ਤੋਂ ਪੱਕਾ ਬਿੱਲ ਲਿਆ ਜਾਵੇ ਅਤੇ ਖੇਤੀਬਾੜੀ ਵਿਭਾਗ ਵਿਚ ਉਪਲੱਬਧ ਜਿਪਸਮ ਖਾਦ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਕੈਂਪ ਦੌਰਾਨ ਖੇਤੀ ਸਮੱਸਿਆਵਾਂ ਸੰਬੰਧੀ ਕਿਸਾਨਾਂ ਦੇ ਸਵਾਲਾਂ ਦੇ ਹੱਲ ਦੱਸੇ ਗਏ ਅਤੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ।