ਖਟਕੜ ਕਲਾਂ ਵਿਖੇ ਸਮਾਗਮ 22 ਨੂੰ
ਖਟਕੜ ਕਲਾਂ ਵਿਖੇ ਸਮਾਗਮ 22 ਨੂੰ
Publish Date: Sun, 15 Mar 2026 04:46 PM (IST)
Updated Date: Mon, 16 Mar 2026 04:05 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਚ ਸਾਮਰਾਜ ਵਿਰੋਧੀ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨੂੰ ਬੁਲੰਦ ਕਰਦਾ ਸਮਾਗਮ 22 ਮਾਰਚ ਦੀ ਸ਼ਾਮ ਨੂੰ ਖਟਕੜ ਕਲਾਂ ਵਿਖੇ ਸਫ਼ਲਤਾ ਪੂਰਵਕ ਕਰਵਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਵਿਖੇ ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਬੰਗਾ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦਾ ਆਗਾਜ਼ ਦੀਪ ਕਲੇਰ ਵੱਲੋਂ ਪੇਸ਼ ਆਪਣੀ ਜੰਗ ਸਬੰਧੀ ਪ੍ਰਭਾਵਸ਼ਾਲੀ ਨਜ਼ਮ ਨਾਲ਼ ਕੀਤਾ। ਇਸ ਮੀਟਿੰਗ ਵਿਚ ਸਾਮਰਾਜੀ ਅਤੇ ਦੇਸੀ ਬਹੁ ਕੌਮੀ ਕੰਪਨੀਆਂ ਦੇ ਆਰਥਿਕ ਹੱਲੇ, ਮੋਦੀ ਅਤੇ ਭਗਵੰਤ ਮਾਨ ਹਕੂਮਤ ਵੱਲੋਂ ਕੰਪਨੀਆਂ ਦੀ ਸੇਵਾ ਸਾਰੇ ਦੁਆਰ ਖੋਲ੍ਹ ਦੇਣ ਦੇ ਸਾਡੇ ਲੋਕਾਂ ਉਪਰ ਪੈਣ ਵਾਲੇ ਮਾਰੂ ਅਸਰਾਂ ਬਾਰੇ ਵਿਚਾਰਾਂ ਹੋਈਆਂ। ਨਵੀਆਂ ਮੜ੍ਹੀਆਂ ਜਾ ਰਹੀਆਂ ਸ਼ਰਤਾਂ ਨੂੰ ਪ੍ਰਵਾਨਗੀ ਦੇਣ ਕਾਰਨ ਖੇਤੀ, ਸਨਅਤ, ਰੁਜ਼ਗਾਰ, ਸਿੱਖਿਆ, ਸਿਹਤ, ਬਿਜਲੀ, ਬੀਜ ਸੰਭਾਲ, ਛੋਟੇ ਕਾਰੋਬਾਰ, ਦੁਕਾਨਦਾਰ ਅਤੇ ਢੋਆ ਢੁਆਈ ਦੇ ਸਾਧਨਾਂ ਉਪਰ ਪੈਣ ਵਾਲੇ ਤਬਾਹਕੁੰਨ ਅਸਰਾਂ ਬਾਰੇ ਸੰਵਾਦ ਹੋਇਆ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਪਾਬੰਦੀਆਂ ਮੜ੍ਹਨ, ਝੂਠੇ ਕੇਸ ਪਾ ਕੇ ਜੇਲ੍ਹਾਂ ਅੰਦਰ ਡੱਕਣ, ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਨਾ ਕਰਨ, ਝੂਠੇ ਮੁਕਾਬਲੇ ਰਚਣ, ਇਨਕਲਾਬੀ ਜਮਹੂਰੀ ਜੱਥੇਬੰਦੀਆਂ ਨੂੰ ਕਹਿਰ ਦਾ ਚੋਣਵਾਂ ਨਿਸ਼ਾਨਾ ਬਣਾਉਣ ਪਿੱਛੇ ਛੁਪੇ ਮੰਤਵ ਸਮਝਣ ਅਤੇ 22 ਮਾਰਚ ਸ਼ਾਮ ਨੂੰ ਖਟਕੜ ਕਲਾਂ ਸਮਾਗਮ ਵਿਚ ਲੋਕਾਂ ਨੂੰ ਸ਼ਾਮਲ ਹੋਣ ਲਈ ਜ਼ੋਰਦਾਰ ਉਪਰਾਲੇ ਕਰਨ ਦਾ ਵੀ ਫੈਸਲਾ ਕੀਤਾ। ਇਸ ਸਮਾਗਮ ਵਿਚ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਸੀਸ ਤਲੀ ’ਤੇ’ ਖੇਡਿਆ ਜਾਵੇਗਾ ਅਤੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਕਵੀਸ਼ਰੀਆਂ ਪੇਸ਼ ਕਰੇਗਾ। ਮੀਟਿੰਗ ਵਿਚ ਇਹ ਫੈਸਲਾ ਲਿਆ ਕਿ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਮੁਹਿੰਮ ਦੀ ਲੜੀ ਵਜੋਂ ਇਲਾਕੇ ਵਿਚ ਢੁਕਵੀਂ ਸਰਗਰਮੀ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਪੈਗ਼ਾਮ ਸਕੂਲਾਂ ਤੱਕ ਪੁੱਜਦਾ ਕਰਨ ਲਈ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਬਾਰੇ ਵੀ ਵਿਚਾਰਾਂ ਹੋਈਆਂ। ਇਸ ਖੇਤਰ ਦੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਦੇਸ਼ ਭਗਤਾਂ ਦੀ ਅਮੀਰ ਵਿਰਾਸਤ ਨਾਲ ਜੋੜਨ ਲਈ ਉਪਰਾਲੇ ਕਰਨ ਬਾਰੇ ਵੀ ਵਿਚਾਰਿਆ ਗਿਆ। ਇਸ ਮੌਕੇ ਕਾਮਰੇਡ ਬੂਟਾ ਸਿੰਘ, ਸਰਬਜੀਤ ਸਿੰਘ ਮੰਗੂਵਾਲ, ਨੰਦ ਲਾਲ, ਤੀਰਥ ਰਸੂਲਪੁਰੀ, ਦੀਪ ਕਲੇਰ ਆਦਿ ਹਾਜ਼ਰ ਸਨ।