ਜ਼ਿਲ੍ਹੇ ਦੀਆਂ ਉੱਦਮੀ ਔਰਤਾਂ ਨੂੰ ਕੀਤਾ ਸਨਮਾਨਿਤ
ਜ਼ਿਲ੍ਹੇ ਦੀਆਂ ਉੱਦਮੀ ਮਹਿਲਾਵਾਂ ਨੂੰ ਕੀਤਾ ਸਨਮਾਨਿਤ
Publish Date: Fri, 13 Mar 2026 05:49 PM (IST)
Updated Date: Sat, 14 Mar 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਉੁੱਦਮੀ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ ਸਮਾਰੋਹ-2026 ਤਹਿਤ ਜ਼ਿਲ੍ਹੇ ਦੀਆਂ ਉੱਦਮੀ ਔਰਤਾਂ ਨੂੰ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਵੱਲੋਂ ਸ਼ਮਾ ਰੌਸ਼ਨ ਕਰ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਸਮਾਰੋਹ ’ਚ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਡੀਸੀ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਅਸੀਂ ਉੱਦਮੀ ਔਰਤਾਂ ਨੂੰ ਸਨਮਾਨਿਤ ਕਰ ਰਹੇ ਹਾਂ, ਜਿਨ੍ਹਾਂ ਆਪਣਾ ਕਾਰੋਬਾਰ ਆਪਣੀ ਮਿਹਨਤ ਨਾਲ ਸ਼ੁਰੂ ਕੀਤਾ ਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ’ਚ ਸੁਧਾਰ ਕਰ ਕੇ ਤਰੱਕੀ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਦੀ ਆਰਥਿਕ ਸਸ਼ਕਤੀਕਰਨ ਤੇ ਆਜੀਵਿਕਾ ਮਜਬੂਤੀ ਵਿਚ ਇਸ ਤਰ੍ਹਾਂ ਦੇ ਸਮਾਰੋਹ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿੱਥੇ ਮਹਿਲਾ ਉੱਦਮੀਆਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਬਲਾਕ ਪੱਧਰ ’ਤੇ ਚੁਣੀਆਂ ਔਰਤਾਂ ’ਚੋਂ 100 ਔਰਤਾਂ ਦਾ ਜ਼ਿਲ੍ਹਾ ਪੱਧਰ ’ਤੇ ਸਨਮਾਨ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਯੂਪੀਐੱਸਸੀ (ਆਲ ਇੰਡੀਆ ਰੈਂਕ 65) ਰਾਖੀ ਤੇ (ਆਲ ਇੰਡੀਆ ਰੈਂਕ 315) ਕ੍ਰਿਤਿਕਾ ਨੇ ਔਰਤਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕੋਈ ਵੀ ਕੰਮ ਮੁਸ਼ਕਿਲ ਜ਼ਰੂਰ ਹੁੰਦਾ ਹੈ ਪਰ ਦ੍ਰਿੜ ਇਰਾਦੇ ਤੇ ਮਿਹਨਤ ਨਾਲ ਸਫ਼ਲਤਾ ਦਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਤਮਨਿਰਭਰ ਔਰਤਾਂ ਬਣਨ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤਰੱਕੀ ਦੀ ਰਾਹ ਤੇ ਪ੍ਰਗਤੀ ਕਰ ਰਿਹਾ ਹੈ। ਇਸ ਮੌਕੇ ਪਾਠਕ ਅਤੇ ਜਲਵਾਹਾ ਨੇ ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ 2026 ਤਹਿਤ ਅੱਜ ਉਨ੍ਹਾਂ ਨਿਡਰ ਔਰਤਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਆਪਣੀ ਹਿੰਮਤ ਨਾਲ ਤਕਦੀਰਾਂ ਬਦਲ ਦਿੱਤੀਆਂ। ਘਰ ਦੀ ਆਰਥਿਕ ਨੀਂਹ ਮਜ਼ਬੂਤ ਕਰਨ ਤੋਂ ਲੈ ਕੇ ਸਮਾਜ ਲਈ ਪ੍ਰੇਰਣਾ ਦਾ ਮੁਨਾਰਾ ਬਣਨ ਤੱਕ ਦਾ ਇਨ੍ਹਾਂ ਦਾ ਸਫ਼ਰ ਬੇਮਿਸਾਲ ਹੈ। ਇਹ ਸਨਮਾਨ ਇਨ੍ਹਾਂ ਦੇ ਅਥੱਕ ਜਜ਼ਬੇ ਨੂੰ ਇੱਕ ਨਿਮਾਣੀ ਜਿਹੀ ਭੇਟ ਹੈ। ਇਸ ਮੌਕੇ ਅੰਚਲ ਅਹੂਜਾ ਅਰੋੜਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ, ਸੋਨੀਆ ਅੰਗਰੀਸ਼ ਆਦਿ ਹਾਜ਼ਰ ਸਨ।