ਐਨਪੀਐਸ ਅਤੇ ਟੈਟ ਖਿਲਾਫ਼ ਕਰਮਚਾਰੀ ਫੁਕਣਗੇ ਮੁੱਖ ਮੰਤਰੀ ਦੇ ਪੁਤਲੇ
ਐਨਪੀਐਸ ਅਤੇ ਟੈਟ ਖਿਲਾਫ਼ ਕਰਮਚਾਰੀ ਫੁਕਣਗੇ ਮੁੱਖ ਮੰਤਰੀ ਦੇ ਪੁਤਲੇ
Publish Date: Mon, 16 Feb 2026 05:06 PM (IST)
Updated Date: Tue, 17 Feb 2026 04:04 AM (IST)

ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਕਰਨਗੇ ਕੂਚ ਪੰਜਾਬ ਸਰਕਾਰ ’ਤੇ ਆਪਣੇ ਚੋਣ ਵਾਅਦੇ ਨੂੰ ਲਾਗੂ ਨਾ ਕਰਨ ਦਾ ਲਾਇਆ ਦੋਸ਼ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਉਲੀਕੇ ਸੰਘਰਸ਼ੀ ਪ੍ਰੋਗਰਾਮ ਐਨਪੀਐਸ ਅਤੇ ਅਧਿਆਪਕਾਂ ਉੱਤੇ ਥੋਪੇ ਜਬਰੀ ਟੈਟ ਸੰਬੰਧੀ ਵਿਸ਼ੇਸ਼ ਮੀਟਿੰਗ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀਐੱਡ ਫਰੰਟ ਅਤੇ ਮਨਿੰਦਰਜੀਤ ਜ਼ਿਲ੍ਹਾ ਪ੍ਰਧਾਨ ਸੀਪੀਐਫ ਕਰਮਚਾਰੀ ਯੂਨੀਅਨ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ ਵਿਖੇ ਹੋਈ। ਆਗੂਆਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ ਵਿਚ ਨਾਕਾਮ ਰਹੀ ਹੈ। ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਇੱਕ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸ ਨੂੰ ਤਿੰਨ ਸਾਲ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ। ਇਸ ਤੋਂ ਇਲਾਵਾ 20-25 ਸਾਲਾਂ ਤੋਂ ਵਿਭਾਗ ਦੀ ਸੇਵਾ ਕਰਦੇ ਅਧਿਆਪਕਾਂ ਨੂੰ ਤਰੱਕੀ ਲੈਣ ਲਈ ਟੈੱਟ ਨਾਮ ਦੀ ਜ਼ਬਰੀ ਸ਼ਰਤ ਲਾਗੂ ਕਰ ਦਿੱਤੀ ਹੈ। ਇਸ ਲਈ ਐਨਪੀਐਸ ਅਤੇ ਜਬਰੀ ਥੋਪੇ ਟੈੱਟ ਦੀ ਸ਼ਰਤ ਦੇ ਰੋਸ ਵਜੋਂ ਪੰਜਾਬ ਦੀ ਮੌਜੂਦਾ ਸਰਕਾਰ ਵਿਰੁੱਧ ਮੁਲਾਜ਼ਮਾਂ ਵਿਚ ਰੋਹ ਭੜਕ ਗਿਆ ਹੈ, ਜਿਸ ਦੇ ਤਹਿਤ 19 ਫਰਵਰੀ ਨੂੰ ਮੁੱਖ ਮੰਤਰੀ ਦੇ ਅਰਥੀ ਫੂਕ ਮੁਜ਼ਾਹਰੇ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਕੀਤੇ ਜਾਣਗੇ। ਉਨ੍ਹਾਂ ਦੱਸਿਆ 19 ਫਰਵਰੀ ਨੂੰ ਡੀਸੀ ਦਫ਼ਤਰ ਦੇ ਮੇਨ ਗੇਟ ਨੇੜੇ ਵੇਰਕਾ ਬੂਥ, ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਸ਼ਾਮ 3 ਵਜੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ। ਜੇਕਰ ਸਰਕਾਰ ਨੇ ਫਿਰ ਵੀ ਪੁਰਾਣੀ ਪੈਨਸ਼ਨ ਦੇ ਐੱਸਓਪੀ ਅਤੇ ਜ਼ਬਰੀ ਥੋਪੀ ਟੈੱਟ ਦੀ ਸ਼ਰਤ ਸੰਬੰਧੀ ਮਸਲਾ ਹੱਲ ਨਾ ਕੀਤਾ ਤਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਮੂਹ ਐੱਨਪੀਐੱਸ ਅਤੇ ਟੈੱਟ ਤੋਂ ਪੀੜਤ ਕਰਮਚਾਰੀ ਵਿਧਾਨ ਸਭਾ ਵੱਲ ਨੂੰ ਮਾਰਚ ਕਰਨਗੇ। ਜਿਸ ਦੇ ਸੰਬੰਧ ਵਿਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਬਲਾਕ ਪੱਧਰ ’ਤੇ ਵਿਉਂਤਬੰਦੀ ਅਤੇ ਤਿਆਰੀ ਸ਼ੁਰੂ ਦਿੱਤੀ ਹੈ। ਕਿਉਂਕਿ ਸਰਕਾਰ ਦੇ ਲਾਰਿਆਂ ਤੋਂ ਅੱਕੇ ਕਰਮਚਾਰੀ ਹੁਣ ਆਰ ਜਾਂ ਪਾਰ ਦੇ ਸੰਘਰਸ਼ ਕਰਨ ਦੇ ਰੌਅ ਵਿਚ ਹਨ। ਆਗੂਆਂ ਨੇ ਐੱਨਪੀਐੱਸ ਅਤੇ ਟੈੱਟ ਤੋਂ ਪੀੜਤ ਮੁਲਾਜਮਾਂ ਨੂੰ ਅਪੀਲ ਕੀਤੀ ਹੈ ਕਿ ਇਸ ਰੋਸ ਮੁਜਾਹਰੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਕੇ ਆਪਣਾ ਸਰਕਾਰ ਵਿਰੁੱਧ ਰੋਸ ਜਾਹਿਰ ਕਰੋ। ਇਸ ਮੌਕੇ ਹਰਚਰਨਜੀਤ ਸਿੰਘ, ਸੁਦੇਸ਼ ਦੀਵਾਨ, ਸ਼ਤੀਸ ਕੁਮਾਰ, ਸੋਮਨਾਥ ਸੜੋਆ, ਗੁਰਨਾਮ ਸਿੰਘ, ਸਤਪਾਲ, ਸੁਰਿੰਦਰ ਮੁੰਡਨ, ਸਤਨਾਮ ਸਿੰਘ, ਇਕਬਾਲ ਸਿੰਘ, ਜਤਿੰਦਰ ਕੁਮਾਰ, ਮਨਪ੍ਰੀਤ ਸੋਢੀਆ, ਜਸਵਿੰਦਰ ਕੌਰ, ਸੁਨੀਤਾ ਤੇ ਹੋਰ ਹਾਜ਼ਰ ਸਨ।