ਐਮਰਜੈਂਸੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ : ਸਿਵਲ ਸਰਜਨ
ਐਮਰਜੈਂਸੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਏ-ਸਿਵਲ ਸਰਜਨ
Publish Date: Sat, 24 Jan 2026 05:17 PM (IST)
Updated Date: Sun, 25 Jan 2026 04:10 AM (IST)

ਗਣਤੰਤਰ ਦਿਵਸ ਮੌਕੇ ਸਿਹਤ ਸੰਭਾਲ ਪ੍ਰਬੰਧਾਂ ਦੀ ਸਮੀਖਿਆ ਲਈ ਵਿਸ਼ੇਸ਼ ਮੀਟਿੰਗ ਆਯੋਜਿਤ ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਗਣਤੰਤਰ ਦਿਵਸ ਮੌਕੇ ਜ਼ਿਲ੍ਹੇ ਵਿਚ ਸਿਹਤ ਸੰਭਾਲ ਪ੍ਰਬੰਧਾਂ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨਾਲ ਫਿਜੀਕਲ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਵਰਚੁਅਲ ਵਿਸ਼ੇਸ਼ ਰੀਵਿਊ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਦੌਰਾਨ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿਚ ਐਮਰਜੈਂਸੀ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਕਾਰਗਰ ਤੇ ਉਪਲਬੱਧ ਰੱਖੀਆਂ ਜਾਣ। ਉਨ੍ਹਾਂ ਨੇ ਹਸਪਤਾਲਾਂ ਵਿਚ ਦਵਾਈਆਂ, ਲਾਈਫ ਸੇਵਿੰਗ ਡਰੱਗਜ਼, ਆਕਸੀਜਨ ਅਤੇ ਹੋਰ ਜ਼ਰੂਰੀ ਮੈਡੀਕਲ ਸੱਮਗਰੀ ਦੀ ਢੁੱਕਵੀਂ ਉਪਲੱਬਧਤਾ ਯਕੀਨੀ ਬਣਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ। ਸਿਵਲ ਸਰਜਨ ਨੇ ਦੱਸਿਆ ਕਿ ਐਂਬੂਲੈਂਸ ਸੇਵਾਵਾਂ ਨੂੰ ਪੂਰੀ ਤਰ੍ਹਾਂ ਤਿਆਰ ਹਾਲਤ ਵਿਚ ਰੱਖਿਆ ਜਾਵੇ ਅਤੇ ਮੈਡੀਕਲ ਸਟਾਫ਼ ਸਮੇਤ ਡਰਾਈਵਰਾਂ ਦੀ ਡਿਊਟੀ ਰੋਸਟਰ ਪਹਿਲਾਂ ਤੋਂ ਤਿਆਰ ਕਰਕੇ ਸੂਚਿਤ ਕੀਤਾ ਜਾਵੇ। ਉਨ੍ਹਾਂ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਐਮਰਜੈਂਸੀ ਸਥਿਤੀ ਨਾਲ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਰੈਫ਼ਰਲ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ। ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਇੱਕ ਮਹੱਤਵਪੂਰਨ ਰਾਸ਼ਟਰੀ ਦਿਵਸ ਹੈ ਅਤੇ ਇਸ ਦੌਰਾਨ ਆਮ ਜਨਤਾ ਦੀ ਸਿਹਤ ਸੁਰੱਖਿਆ ਸਿਹਤ ਵਿਭਾਗ ਦੀ ਸਰਵੋਚ ਤਰਜੀਹ ਹੈ। ਇਸ ਲਈ ਸਾਰੇ ਸਿਹਤ ਅਧਿਕਾਰੀ ਆਪਸੀ ਤਾਲਮੇਲ ਅਤੇ ਜ਼ਿੰਮੇਵਾਰੀਆਂ ਦੀ ਪੂਰੀ ਨਿਸ਼ਠਾ ਨਾਲ ਪਾਲਣਾ ਯਕੀਨੀ ਬਣਾਉਣ। ਮੀਟਿੰਗ ਦੌਰਾਨ ਵੱਖ-ਵੱਖ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਵੱਲੋਂ ਆਪਣੇ-ਆਪਣੇ ਸਿਹਤ ਪ੍ਰੋਗਰਾਮਾਂ ਅਧੀਨ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਉਪਰੰਤ ਸਿਵਲ ਸਰਜਨ ਵੱਲੋਂ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਰੇਣੂ ਮਿੱਤਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹਰਪਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ, ਡਾ. ਗੀਤਾਂਜਲੀ ਸਿੰਘ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਰਾਜ ਕੁਮਾਰੀ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਸਿਵਲ ਸਰਜਨ ਦੇ ਪੀਏ ਅਜੇ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।