ਹੜਤਾਲੀ ਮਜ਼ਦੂਰਾਂ ਦੇ ਹੱਕ 'ਚ ਯੋਗੀ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ
ਹੜਤਾਲੀ ਮਜ਼ਦੂਰਾਂ ਦੇ ਹੱਕ 'ਚ ਯੋਗੀ ਤੇ ਮੋਦੀ ਸਰਕਾਰ ਦੇ ਪੁਤਲੇ ਫੂੰਕੇ
Publish Date: Tue, 21 Apr 2026 05:16 PM (IST)
Updated Date: Wed, 22 Apr 2026 04:01 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ), ਏਟਕ, ਪੇਂਡੂ ਮਜ਼ਦੂਰ ਯੂਨੀਅਨ ਅਤੇ ਪੈਨਸ਼ਨਰਜ਼ ਯੂਨੀਅਨ ਵੱਲੋਂ ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 8 ਘੰਟੇ ਕੰਮ, ਉਚਿਤ ਉਜਰਤਾਂ, ਗ੍ਰਿਫ਼ਤਾਰ ਮਜ਼ਦੂਰਾਂ ਦੀ ਰਿਹਾਈ ਅਤੇ ਹੋਰ ਮੰਗਾਂ ਲਈ ਚੱਲ ਰਹੇ ਮਜ਼ਦੂਰਾਂ ਦੇ ਸੰਘਰਸ਼ ਦੇ ਸਮਰਥਨ ਵਿਚ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਜੋਗੀ ਦੇ ਪੁਤਲੇ ਫੂਕੇ ਗਏ ਅਤੇ ਨਾਅਰੇਬਾਜ਼ੀ ਕੀਤੀ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਇਫਟੂ ਦੇ ਜ਼ਿਲ੍ਹਾ ਸਕੱਤਰ ਪਰਵੀਨ ਕੁਮਾਰ ਨਿਰਾਲਾ, ਪੈਨਸ਼ਨਰਜ਼ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਦੌੜਕਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਮਲਜੀਤ ਸਨਾਵਾ, ਏਟਕ ਦੇ ਆਗੂ ਰਾਮ ਆਸਰਾ ਸਿੰਘ, ਨਿਊ ਆਟੋ ਵਰਕਰ ਯੂਨੀਅਨ ਦੇ ਆਗੂ ਗੁਰਪ੍ਰੀਤ ਗੋਪੀ ਨੇ ਕਿਹਾ ਕਿ ਹੜਤਾਲੀ ਕਾਮਿਆਂ ਦੀਆਂ ਮੰਗਾਂ ਜਾਇਜ਼ ਹਨ ਪਰ ਮਾਲਕ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹਨ। ਭਾਜਪਾ ਦੀਆਂ ਸਰਕਾਰਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਦੀ ਥਾਂ ਉਲਟਾ ਮਜ਼ਦੂਰਾਂ ਉੱਤੇ ਜਬਰ ਢਾਹ ਰਹੀਆਂ ਹਨ। ਉਨ੍ਹਾਂ ਨੇ ਸ਼ਾਂਤੀਪੂਰਨ ਹੜਤਾਲਾਂ ਨੂੰ ਦਬਾਉਣ ਲਈ ਕੀਤੀਆਂ ਗਈਆਂ ਕਾਰਵਾਈਆਂ ਦੀ ਸਖ਼ਤ ਨਿੰਦਾ ਕੀਤੀ। ਆਗੂਆਂ ਨੇ ਸੰਘਰਸ਼ਸ਼ੀਲ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ, 8 ਘੰਟੇ ਕੰਮ ਲਈ ਘੱਟੋ-ਘੱਟ 30 ਹਜਾਰ ਦੀ ਮਾਸਿਕ ਉਜਰਤ ਲਾਗੂ ਕਰਨ, ਰੋਜ਼ਾਨਾ ਉਜਰਤ ਦਰ ਉਸ ਅਨੁਸਾਰ ਨਿਰਧਾਰਤ ਕਰਨ, ਮਹਿਲਾ ਮਜ਼ਦੂਰਾਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ, 8 ਘੰਟੇ ਕੰਮ ਵਾਲੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ, ਦੁੱਗਣੀ ਓਵਰਟਾਈਮ ਤਨਖਾਹ ਦੇਣ ਹਫਤਾਵਾਰੀ ਅਤੇ ਹੋਰ ਛੁੱਟੀਆਂ ਲਾਗੂ ਕਰਨ, ਹੜਤਾਲਾਂ ਨੂੰ ਦਬਾਉਣ ਲਈ ਸਾਰੇ ਦਮਨਕਾਰੀ ਉਪਾਅ ਬੰਦ ਕਰਨ, ਗ੍ਰਿਫ਼ਤਾਰ ਕੀਤੇ ਗਏ ਮਜ਼ਦੂਰਾਂ, ਕਾਰਕੁਨਾਂ ਅਤੇ ਆਗੂਆਂ ਉੱਤੇ ਬਣਾਏ ਪੁਲਿਸ ਕੇਸ ਖਾਰਜ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਹਰੀ ਰਾਮ ਰਸੂਲਪੁਰੀ, ਜਸਵੀਰ ਸਿੰਘ ਮੋਰੋਂ, ਮਾ. ਰਾਮ ਪਾਲ, ਮਾ. ਜੀਤ ਲਾਲ, ਹਰੀ ਲਾਲ, ਸੁਰਿੰਦਰ ਮੀਰਪੁਰੀ ਆਗੂ ਵੀ ਮੌਜੂਦ ਸਨ।