ਪੁਲਿਸ ਤੇ ਜਨਤਾ ਦੇ ਸਹਿਯੋਗ ਨਾਲ ਹੋਵੇਗਾ ਨਸ਼ਿਆਂ ਦਾ ਖਾਤਮਾ : ਡੀਐੱਸਪੀ
ਪੁਲਿਸ ਅਤੇ ਜਨਤਾ ਦੇ ਸਹਿਯੋਗ ਨਾਲ ਹੋਵੇਗਾ ਨਸ਼ਿਆਂ ਅਤੇ ਗੈਂਗਸਟਰਵਾਦ ਦਾ ਖਾਤਮਾ-ਡੀਐੱਸਪੀ ਹਿੰਮਤ ਮਲਹੋਤਰਾ
Publish Date: Sun, 01 Mar 2026 05:41 PM (IST)
Updated Date: Mon, 02 Mar 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਅਤੇ ਗੈਂਗਸਟਰ ਕਲਚਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਪਰਕ 2026 ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਲੜੀ ਤਹਿਤ ਬਲਾਚੌਰ ਦੇ ਉਪ ਕਪਤਾਨ ਪੁਲਿਸ ਹਿੰਮਤ ਮਲਹੋਤਰਾ ਦੀ ਪ੍ਰਧਾਨਗੀ ਹੇਠ ਇਲਾਕੇ ਦੇ ਨਗਰ ਕੌਂਸਲ, ਵਪਾਰ ਮੰਡਲ ਯੂਨੀਅਨ, ਆੜਤ ਅਸੋਸੀਏਸ਼ਨ, ਸਬਜ਼ੀ ਮੰਡੀ ਬਲਾਚੌਰ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡੀਐੱਸਪੀ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਆਮ ਜਨਤਾ ਦਾ ਸਾਥ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਪੁਲਿਸ ਪ੍ਰਸ਼ਾਸਨ ਨੇ ਇੱਕ ਮਨੁੱਖੀ ਪਹੁੰਚ ਅਪਣਾਉਂਦਿਆਂ ਕਿਹਾ ਕਿ ਜਿਹੜੇ ਨੌਜਵਾਨ ਗਲਤੀ ਨਾਲ ਨਸ਼ਿਆਂ ਦੇ ਰਾਹ ਪੈ ਚੁੱਕੇ ਹਨ, ਜੇਕਰ ਉਹ ਵਾਪਸ ਮੁੱਖ ਧਾਰਾ ਵਿੱਚ ਆਉਣਾ ਚਾਹੁੰਦੇ ਹਨ, ਤਾਂ ਪੁਲਿਸ ਉਨ੍ਹਾਂ ਦੀ ਦੁਸ਼ਮਣ ਨਹੀਂ ਸਗੋਂ ਮਦਦਗਾਰ ਬਣੇਗੀ। ਅਜਿਹੇ ਨੌਜਵਾਨਾਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਵਿਚ ਦਾਖਲ ਕਰਵਾ ਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਮੀਟਿੰਗ ਵਿਚ ਹਾਜ਼ਰ ਵਪਾਰ ਮੰਡਲ ਯੂਨੀਅਨ ਦੇ ਪ੍ਰਧਾਨ ਰਜਨੀਸ਼ ਨਾਗਪਾਲ ਨੇ ਸ਼ਹਿਰ ਦੀਆਂ ਹੋਰ ਮੁਸ਼ਕਿਲਾਂ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਬਾਜ਼ਾਰਾਂ ਵਿਚ ਹੋ ਰਹੇ ਨਾਜਾਇਜ਼ ਕਬਜ਼ਿਆਂ ਤੇ ਟ੍ਰੈਫਿਕ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ ਅਤੇ ਪੁਲਿਸ ਨੂੰ ਇਨ੍ਹਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਉਪ ਪ੍ਰਧਾਨ ਰਿਕੀ ਬਜਾਜ, ਆੜਤ ਐਸੋਸੀਏਸ਼ਨ ਸਬਜ਼ੀ ਮੰਡੀ ਦੇ ਪ੍ਰਧਾਨ ਰਵੀ ਨਈਅਰ, ਹਰੀਸ਼ ਅਰੋੜਾ, ਨੰਦ ਲਾਲ, ਰੋਹਿਤ ਸੋਨੀ, ਰਕੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।