ਆਜ਼ਾਦੀ ਦੇ 78 ਸਾਲਾਂ ਬਾਅਦ ਹਰਿਆਣਾ ਕਸਬਾ ਨੂੰ ਪ੍ਰਸ਼ਾਸਨਿਕ ਪੱਧਰ 'ਤੇ ਮਾਨਤਾ ਮਿਲੀ
ਡਾ. ਰਵਜੋਤ ਵਲੋਂ ਕਸਬਾ ਹਰਿਆਣਾ ਨੂੰ ਸਬ ਤਹਿਸੀਲ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ
Publish Date: Thu, 01 Jan 2026 05:40 PM (IST)
Updated Date: Fri, 02 Jan 2026 04:08 AM (IST)

01ਐਨਐਸਆਰ19ਪੀ ਹਰਿਆਣਾ ਚ ਬਾਬਾ ਬਘੇਲ ਸਿੰਘ ਦਾ ਇਤਿਹਾਸ ਸਥਾਨ, ਡਾ. ਰਵਜੋਤ ਸਿੰਘ ਕੈਬਨਟ ਮੰਤਰੀ ਪੰਜਾਬ ਅਤੇ ਹਰਿਆਣਾ ਦੇ ਮੋਹਤਵਰ ਵਿਅਕਤੀ। ਪੰਜਾਬੀ ਜਾਗਰਣ * ਡਾ. ਰਵਜੋਤ ਵੱਲੋਂ ਕਸਬਾ ਹਰਿਆਣਾ ਨੂੰ ਸਬ ਤਹਿਸੀਲ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ * ਬਾਬਰ, ਅਕਬਰ ਤੇ ਗਜ਼ਨਵੀ ਦੇ ਸਮੇਂ ਵੀ ਘੁੱਗ ਵੱਸਦਾ ਰਿਹਾ ਹਰਿਆਣਾ ਕਮਲ, ਪੰਜਾਬੀ ਜਾਗਰਣ ਹਰਿਆਣਾ : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ’ਚ ਪੈਂਦੇ ਕਸਬਾ ਹਰਿਆਣਾ ਨੂੰ ਸਬ-ਤਹਿਸੀਲ ਬਣਾਏ ਜਾਣ ਦੇ ਫ਼ੈਸਲੇ ਨਾਲ ਇਲਾਕੇ ਦੇ ਲੋਕਾਂ ’ਚ ਖੁਸ਼ੀ ਦੀ ਲਹਿਰ ਹੈ। ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸ਼ਨਿਕ ਪੱਧਰ ਦੀਆਂ ਸੇਵਾਵਾਂ ਬਿਹਤਰ ਤਰੀਕੇ ਨਾਲ ਲੋਕਾਂ ਨੂੰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਕਰਨ ਲਈ ਪਹਿਲਕਦਮੀ ਕੀਤੀ ਹੈ। ਕਸਬਾ ਹਰਿਆਣਾ ’ਚ ਬਣਨ ਜਾ ਰਹੀ ਨਵੀਂ ਸਬ-ਤਹਿਸੀਲ ਅਧੀਨ ਇਲਾਕੇ ਦੇ ਕਰੀਬ 50 ਪਿੰਡ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਹੈ ਤੇ ਇਸ ’ਚ 12 ਪਟਵਾਰ ਸਰਕਲ ਤੇ 2 ਕਾਨੂੰਗੋ ਸਰਕਲ ਸ਼ਾਮਲ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਹਰਿਆਣਾ ਇਲਾਕੇ ਦੇ ਲੋਕਾਂ ਨੂੰ ਆਪਣੇ ਪ੍ਰਸ਼ਾਸਨਿਕ ਕੰਮ ਕਰਵਾਉਣ ਲਈ ਭੂੰਗਾ ਸਬ-ਤਹਿਸੀਲ ਤੇ ਨਿਰਭਰ ਹੋਣਾ ਪੈਂਦਾ ਸੀ ਤੇ ਜੇਕਰ ਅਜਿਹੇ ਹਾਲਾਤਾਂ ਵਿਚ ਹਰਿਆਣਾ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਲਈ ਨਵੀਂ ਸਬ-ਤਹਿਸੀਲ ਬਣਦੀ ਹੈ ਤਾਂ ਇਹ ਇਲਾਕੇ ਦੇ ਲੋਕਾਂ ਲਈ ਵੱਡੀ ਰਾਹਤ ਬਣ ਸਕਦੀ ਹੈ। ਹਰਿਆਣਾ ਸਬ-ਤਹਿਸੀਲ ਵਿਚ ਹਲਕਾ ਸ਼ਾਮ ਚੁਰਾਸੀ ਦੇ ਕੰਢੀ ਇਲਾਕੇ ਦੇ ਅਜਿਹੇ ਪਿੰਡ ਸ਼ਾਮਿਲ ਕੀਤੇ ਗਏ ਹਨ। ਜਿਨਾਂ ਨੂੰ ਆਪਣੀ ਜ਼ਮੀਨ ਆਦਿ ਨਾਲ ਸੰਬੰਧਿਤ ਕੰਮਾਂ ਲਈ ਆਜ਼ਾਦੀ ਦੇ ਸੱਤ ਦਹਾਕਿਆਂ ਦੌਰਾਨ 30 ਤੋਂ 40 ਕਿਲੋਮੀਟਰ ਦੂਰ ਹੁਸ਼ਿਆਰਪੁਰ ਤਹਿਸੀਲ ਜਾਣ ਕਰਕੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਰਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਕਸਬਾ ਹਰਿਆਣਾ ਵਿਖੇ ਸਬ-ਤਹਿਸੀਲ ਬਣਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਜਿਹੜੀ ਕਿ ਮੌਜੂਦਾ ਆਪ ਸਰਕਾਰ ਵੱਲੋਂ ਪੂਰੀ ਕੀਤੀ ਗਈ ਹੈ।।ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਹਲਕਾ ਸ਼ਾਮ ਚੁਰਾਸੀ ਅਧੀਨ ਆਉਂਦੇ ਇਤਿਹਾਸਿਕ ਤੇ ਪ੍ਰਾਚੀਨ ਕਸਬੇ ਨੂੰ ਪ੍ਰਸ਼ਾਸਨਿਕ ਪੱਧਰ ਤੇ ਕਿਸੇ ਸਰਕਾਰ ਵੱਲੋਂ ਮਾਨਤਾ ਦੇਣ ਲਈ ਪਹਿਲ ਕਦਮੀ ਕੀਤੀ ਗਈ ਹੈ। ਇਤਿਹਾਸਿਕ ਪੱਖੋਂ ਦੇਖੀਏ ਤਾਂ ਕਸਬਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਕਾਫ਼ੀ ਪ੍ਰਾਚੀਨ ਕਸਬਾ ਰਿਹਾ ਹੈ ਤੇ ਇਤਿਹਾਸ ਦੇ ਵੱਖ-ਵੱਖ ਪੜਾਵਾਂ ਦੌਰਾਨ ਹਰਿਆਣੇ ਦੀ ਰਾਜਨੀਤਕ ਤੇ ਇਤਿਹਾਸਿਕ ਪੱਖੋਂ ਬੜੀ ਮਹੱਤਤਾ ਰਹੀ ਹੈ। ਇਸ ਕਸਬੇ ਦਾ ਨਾਂਮਕਰਨ ਸੰਗੀਤ ਸਮਰਾਟ ਤਾਨਸੈਨ ਤੇ ਬੈਜੂ ਬਾਵਰਾ ਦੇ ਉਸਤਾਦ ਪੰਡਿਤ ਹਰੀ ਦਾਸ ਦੇ ਨਾਮ ਤੋਂ ਹੋਇਆ ਦੱਸਿਆ ਜਾਂਦਾ ਹੈ। ਇਹ ਕਸਬਾ ਅਕਬਰ ਤੇ ਗਜ਼ਨਵੀ ਦੇ ਸਮੇਂ ਵਿਚ ਵੀ ਘੁੱਗ ਵੱਸਦਾ ਰਿਹਾ ਹੈ। ਸ਼ਾਹ ਜਹਾਨ ਦੇ ਪ੍ਰਧਾਨ ਮੰਤਰੀ ਨਵਾਬ ਸੋਦੁੱਲਾ ਖਾਨ ਨੇ ਹਰਿਆਣਾ ਦੇ ਇੱਕ ਵੱਡੇ ਵਿਦਿਅਕ ਅਦਾਰੇ ਤੋਂ ਸਿੱਖਿਆ ਹਾਸਿਲ ਕੀਤੀ ਸੀ। ਮੁਗਲ ਸ਼ਾਸ਼ਕ ਮਹਿਮੂਦ ਗਜ਼ਨਵੀ ਨੇ ਜਦੋਂ ਸਤਲੁਜ ਦਰਿਆ ਦੇ ਦੋਹੀਂ ਪਾਸੇ ਕਬਜ਼ਾ ਕੀਤਾ ਸੀ।ਤਾਂ ਉਸ ਨੇ ਆਪਣੀਆਂ ਜੰਗੀ ਰਿਹਾਇਸ਼ਾਂ ਵੀ ਹਰਿਆਣਾ ਤੇ ਬਜਵਾੜੇ ਇਲਾਕੇ ਵਿਚ ਬਣਵਾਈਆਂ, ਜਿਸ ਕਾਰਨ ਹਰਿਆਣੇ ਦੇ ਆਸ-ਪਾਸ ਕਈ ਬੱਸੀਆਂ ਆਬਾਦ ਹੋਈਆਂ ਹਨ। ਲਾਹੌਰ ਤੋਂ ਦਿੱਲੀ ਵਾਇਆ ਅੰਮ੍ਰਿਤਸਰ ਮੁੱਖ ਮਾਰਗ ਬਣਾਉਣ ਵਾਲੇ ਮੁਗ਼ਲ ਸ਼ਾਸਕ ਸ਼ੇਰ ਸ਼ਾਹ ਸੂਰੀ ਦੇ ਵੱਡੇ ਵਡੇਰੇ ਕਸਬਾ ਹਰਿਆਣੇ ਦੇ ਜਗੀਰਦਾਰਾਂ ਕੋਲ ਨੌਕਰੀ ਕਰਦੇ ਰਹੇ ਹਨ। ਸੰਨ 1783 ਵਿਚ ਦਿੱਲੀ ਜਿੱਤਣ ਵਾਲੇ ਕਰੋੜ ਸਿੰਘੀਆਂ ਮਿਸਲ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਦਾ ਕਸਬਾ ਹਰਿਆਣਾ ਨਾਲ ਬੜਾ ਗੂੜਾ ਰਿਸ਼ਤਾ ਰਿਹਾ ਹੈ। ਦਿੱਲੀ ਤੇ ਹਮਲੇ ਅਤੇ ਕਰੋੜ ਸਿੰਘੀਆਂ ਮਿਸਲ ਦੇ ਕਈ ਇਲਾਕਿਆਂ ਦੀਆਂ ਮੁਹਿੰਮਾਂ ਅਤੇ ਰਾਜਸੀ ਗਤੀਵਿਧੀਆਂ ਦੌਰਾਨ ਬਾਬਾ ਬਘੇਲ ਸਿੰਘ ਨੇ ਆਪਣੇ ਅੰਤਿਮ ਸਮੇਂ ਤੱਕ ਹਰਿਆਣਾ ਨੂੰ ਆਪਣਾ ਹੈਡ ਕੁਆਟਰ ਬਣਾਈ ਰੱਖਿਆ ਸੀ। ਦੇਸ਼ ਦੀ ਆਜ਼ਾਦੀ ਲਈ ਗਦਰ ਪਾਰਟੀ ਰਾਹੀਂ ਵੱਡੀਆਂ ਕੁਰਬਾਨੀਆਂ ਕਰਨ ਵਾਲਿਆਂ ਚੋਂ ਮੋਹਰੀ ਆਗੂ ਪੰਡਿਤ ਜਗਰ ਰਾਮ ਇਸ ਹਰਿਆਣਾ ਕਸਬੇ ਨਾਲ ਸੰਬੰਧਿਤ ਹਨ। ਕਸਬਾ ਹਰਿਆਣਾ ਤੇ ਇਲਾਕੇ ਦੇ ਲੋਕਾਂ ਦੀਆਂ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਕਸਬੇ ਨੂੰ ਸਬ-ਤਹਿਸੀਲ ਦਾ ਦਰਜਾ ਦਿਵਾਉਣ ਲਈ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਦਾ ਧੰਨਵਾਦ ਕਰਦਿਆਂ ਬਲਾਕ ਸੰਮਤੀ ਮੈਂਬਰ ਰੁਪਿੰਦਰ ਕੌਰ ਕੰਗ ਮਾਈ ਜੋਨ, ਬਲਾਕ ਸੰਮਤੀ ਮੈਂਬਰ ਰੁਪਿੰਦਰ ਕੌਰ ਮਹਿੰਗਰੋਵਾਲ ਜੋਨ, ਕੁਸ਼ਮ ਕੁਮਾਰੀ ਬਲਾਕ ਸੰਮਤੀ ਮੈਂਬਰ ਬੱਸੀ ਬੱਲੋ, ਸਤਨਾਮ ਸਿੰਘ ਬਲਾਕ ਸੰਮਤੀ ਮੈਂਬਰ ਜੋਨ ਹੁਸੈਨਪੁਰ ਗੁਰੂ, ਨਗਰ ਕੌਂਸਲ ਹਰਿਆਣਾ ਦੇ ਪ੍ਰਧਾਨ ਸੰਜੇ ਕਪਿਲਾ, ਸਿਟੀ ਪ੍ਰਧਾਨ ਮੁਕੇਸ਼ ਡੱਡਵਾਲ ਹਰਿਆਣਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ, ਹਰਸਿਮਰਨਜੀਤ ਸਿੰਘ ਓਐੱਸਡੀ ਕਿਹਾ ਕਿ ਕਸਬਾ ਹਰਿਆਣਾ ਦੇ ਸਬ-ਤਹਿਸੀਲ ਬਣਨ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਆਪਣੇ ਪ੍ਰਸ਼ਾਸਨਿਕ ਕੰਮ ਕਰਾਉਣ ਲਈ ਦੂਰ ਦੁਰਾਡੇ ਜਾਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਨਾਲ ਹੀ ਕਸਬੇ ਦੀ ਬਿਹਤਰੀ ਤੇ ਸਰਬ ਪੱਖੀ ਵਿਕਾਸ ਲਈ ਵੀ ਸੰਭਾਵਨਾਵਾਂ ਪੈਦਾ ਹੋਣਗੀਆਂ। ਬੁਲਾਰਿਆਂ ਨੇ ਕਿਹਾ ਕਿ ਕਸਬੇ ਨੂੰ ਪ੍ਰਸ਼ਾਸਨਿਕ ਤੌਰ ਤੇ ਮਾਨਤਾ ਮਿਲਣ ਨਾਲ ਕਸਬੇ ਦੇ ਵਪਾਰਕ, ਵਿੱਦਿਅਕ ਅਦਾਰਿਆਂ, ਸੜਕੀ ਆਵਾਜਾਈ ਦੇ ਸੁਧਾਰ ਲਈ ਵੀ ਨਵੀਆਂ ਸੰਭਾਵਨਾਵਾਂ ਪੈਦਾ ਹੋਣ ਦੀ ਉਮੀਦ ਬਣ ਗਈ ਹੈ।