ਬਿਨਾਂ ਮਨਜ਼ੂਰੀ ਯਾਦਗਾਰੀ ਗੇਟਾਂ ਦੀ ਉਸਾਰੀ ’ਤੇ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਬਿਨਾਂ ਮਨਜ਼ੂਰੀ ਯਾਦਗਾਰੀ ਗੇਟਾਂ ਦੀ ਉਸਾਰੀ 'ਤੇ ਪਾਬੰਦੀ
Publish Date: Tue, 10 Feb 2026 06:06 PM (IST)
Updated Date: Wed, 11 Feb 2026 04:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ-2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਵਿਚ ਕਿਸੇ ਵੀ ਵਿਅਕਤੀ/ਸੰਸਥਾ ਸਰਕਾਰੀ/ਪੰਚਾਇਤੀ ਜਗ੍ਹਾ ਤੇ ਕੋਈ ਗੇਟ ਨਹੀਂ ਉਸਾਰੇਗਾ। ਅਜਿਹੀ ਕਿਸੇ ਵੀ ਉਸਾਰੀ ਤੋਂ ਪਹਿਲਾਂ ਸੰਬੰਧਤ ਵਿਭਾਗ ਤੋਂ ਪ੍ਰਵਾਨਗੀ ਲੈਣ ਉਪਰੰਤ ਮਨਜ਼ੂਰੀ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਤੋਂ ਲਈ ਜਾਵੇਗੀ। ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਵਿਚ ਕਿਹਾ ਕਿ ਇਹ ਧਿਆਨ ਵਿਚ ਆਇਆ ਹੈ ਕਿ ਪਿੰਡਾਂ ਵਿਚ ਲੋਕ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਯਾਦ ਵਿਚ ਯਾਦਗਾਰੀ ਗੇਟ ਸਰਕਾਰੀ ਜਾਂ ਪੰਚਾਇਤ ਦੀ ਜਗ੍ਹਾ ’ਤੇ ਬਿਨਾਂ ਕਿਸੇ ਦੀ ਮਨਜ਼ੂਰੀ ਲਏ ਅਤੇ ਬਿਨਾਂ ਕਿਸੇ ਸਮਰੱਥ ਵਿਭਾਗ ਤੋਂ ਪਾਸ ਕਰਵਾਏ ਆਪਣੀ ਮਨ-ਮਰਜ਼ੀ ਨਾਲ ਬਣਾ ਲੈਂਦੇ ਹਨ। ਇਸ ਤਰ੍ਹਾਂ ਜਿੱਥੇ ਸਰਕਾਰੀ ਜਗਾ ਤੇ ਨਜਾਇਜ਼ ਕਬਜ਼ਾ ਕਰ ਲਿਆ ਜਾਂਦਾ ਹੈ, ਉਥੇ ਇਸ ਤਰਾਂ ਬਣਾਏ ਗਏ ਗੇਟਾਂ ਦੇ ਡਿੱਗਣ ਦਾ ਖ਼ਤਰਾ ਵੀ ਹਰ ਵੇਲੇ ਬਣਿਆ ਰਹਿੰਦਾ ਹੈ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਲਈ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੇ ਗੇਟ ਉਸਾਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 5 ਅਪ੍ਰੈਲ 2026 ਤੱਕ ਲਾਗੂ ਰਹੇਗਾ।