ਰਾਸ਼ਟਰੀ ਵੋਟਰ ਦਿਵਸ ਅੱਜ ਮਨਾਇਆ ਜਾਵੇਗਾ : ਡੀਸੀ ਔਲਖ
ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਅੱਜ ਮਨਾਇਆ ਜਾਵੇਗਾ-ਗੁਲਪ੍ਰੀਤ ਸਿੰਘ ਔਲਖ
Publish Date: Sat, 24 Jan 2026 05:21 PM (IST)
Updated Date: Sun, 25 Jan 2026 04:10 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ 16ਵੇਂ ਰਾਸ਼ਟਰੀ ਵੋਟਰ ਦਿਵਸ ਦੀਆਂ ਵਧਾਈਆਂ ਦਿੰਦਿਆ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 25 ਜਨਵਰੀ ਨੂੰ ਜ਼ਿਲ੍ਹੇ ਵਿਚ ਬੜੇ ਉਤਸ਼ਾਹ ਨਾਲ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਦਾ ਸਮਾਗਮ ਡੀਏਐਨ ਕਾਲਜ ਨਵਾਂਸ਼ਹਿਰ ਵਿਖੇ 25 ਜਨਵਰੀ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉੁਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਵਿਚ ਵਿਦਿਆਰਥੀਆਂ/ਪ੍ਰਤੀਯੋਗੀਆਂ ਵੱਲੋਂ ਭਾਸ਼ਣ, ਲਘੂ-ਨਾਟਕ, ਰੰਗੋਲੀ, ਗਿੱਧਾ, ਗੀਤ ਆਦਿ ਸਵੀਪ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਸ ਸਮਾਗਮ ਵਿਚ ਜ਼ਿਲ੍ਹੇ ਦੇ ਸਵੀਪ ਆਈਕਨ ਵੀ ਹਾਜ਼ਰ ਹੋਣਗੇ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵੋਟਰ ਸੂਚੀ ਦੀ ਸੁਧਾਈ 2026 ਦੌਰਾਨ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਇੱਕ-ਇੱਕ ਈਆਰਓ, ਨੋਡਲ ਅਫਿਸਰ ਅਤੇ ਬੀਐਲਓ ਨੂੰ ਇਨਾਮੀ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਪ੍ਰਤੀਯੋਗੀ, ਉਮੀਦਵਾਰ, ਸਹਾਇਕ ਨੋਡਲ ਅਫ਼ਸਰਾਂ ਆਦਿ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 3 ਵਿਧਾਨ ਸਭਾ ਚੋਣ ਹਲਕੇ ਪੈਂਦੇ ਹਨ, ਜਿਨ੍ਹਾਂ ਦੇ ਕੁੱਲ 615 ਪੋਲਿੰਗ ਬੂਥ ਤੇ 440 ਲੁਕੇਸ਼ਨ ਹਨ ਤੇ 4,89,412 ਕੁੱਲ ਵੋਟਰ (ਪੁਰਸ਼ 253381, ਮਹਿਲਾ 236014 ਅਤੇ ਟ੍ਰਾਂਸਜੈਂਡਰ 17) ਹਨ। ਉਨ੍ਹਾਂ ਦੱਸਿਆ ਕਿ 25 ਜਨਵਰੀ, 1950 ਨੂੰ ਭਾਰਤ ਚੋਣ ਕਮਿਸ਼ਨ ਹੋਂਦ ਵਿੱਚ ਆਇਆ ਸੀ ਅਤੇ ਇਹ ਦਿਨ ਸਾਨੂੰ ਯਾਦ ਦਵਾਉਂਦਾ ਹੈ ਕਿ ਲੋਕਤੰਤਰ ਵਿਚ ਹਰ ਵੋਟ ਅਹਿਮ ਹੁੰਦੀ ਹੈ ਤੇ ਭਾਰਤ ਵਰਗੇ ਲੋਕਤੰਤਰਿਕ ਦੇਸ਼ ਵਿਚ ਹਰ ਸ਼੍ਰੇਣੀ ਦੇ ਹਰੇਕ ਨਾਗਰਿਕ ਦੀ ਵੋਟ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਮੇਸ਼ਾ ਸੋਚ-ਸਮਝ ਕੇ, ਨਿਡਰ ਹੋ ਕੇ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਕਿਸੇ ਹੋਰ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਆਪਣੀ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ, ਕਿ ਵੋਟ ਪਾਉਣਾ ਸਾਡਾ ਅਧਿਕਾਰ ਹੀ ਨਹੀਂ, ਬਲਕਿ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਜਿਸ ਨੇ ਅਜੇ ਤੱਕ ਆਪਣੀ ਵੋਟ ਲਈ ਰਜਿਸਟ੍ਰੇਸ਼ਨ ਨਹੀ ਕਰਵਾਈ, ਉਹ ਵੀ ਆਪਣੀ ਵੋਟ ਬਣਾਉਣ ਲਈ ਆਪਣਾ ਫਾਰਮ ਆਨ ਲਾਈਨ (https://voters.eci.gov.in or Voter 8elpline Mobile 1pp) ਤੇ ਭਰ ਸਕਦੇ ਹਨ ਜਾਂ ਸਬੰਧ ਬੀਐਲਓਜ਼ ਜਾਂ ਈਆਰਓ ਦਫ਼ਤਰ ਵਿੱਚ ਵੀ ਆਪਣਾ ਫਾਰਮ ਭਰਕੇ ਦੇ ਸਕਦੇ ਹਨ।