ਡੀਸੀ ਨੇ ਸੜਕ ਸੁਰੱਖਿਆ ਕਮੇਟੀ ਨਾਲ ਕੀਤੀ ਮੀਟਿੰਗ
ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਕਮੇਟੀ ਨਾਲ ਕੀਤੀ ਮਹੀਨਾਵਾਰ ਮੀਟਿੰਗ
Publish Date: Sun, 18 Jan 2026 05:07 PM (IST)
Updated Date: Mon, 19 Jan 2026 04:06 AM (IST)

ਆਵਾਜਾਈ ਨਿਯਮਾਂ ਪ੍ਰਤੀ ਲੋਕਾਂ ਨੂੰ ਕੀਤਾ ਜਾਵੇ ਵੱਧ ਤੋਂ ਵੱਧ ਜਾਗਰੂਕ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੜਕ ਸੁਰੱਖਿਆ ਦੀ ਮਹੀਨਾਵਾਰ ਮੀਟਿੰਗ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਹੋਈ, ਜਿਸ ’ਚ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਿਨ੍ਹਾਂ ਸੜਕਾਂ ’ਤੇ ਚਿੱਟੀ ਪੱਟੀ ਨਹੀਂ ਹੈ, ਉਨ੍ਹਾਂ ਸੜਕਾਂ ’ਤੇ ਤੁਰੰਤ ਚਿੱਟੀ ਪੱਟੀ ਲਾਈ ਜਾਵੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਤੇ ਕਾਰਜਕਾਰੀ ਏਜੰਸੀਆਂ ਨੂੰ ਸਖ਼ਤ ਤੇ ਸਮਾਂਬੱਧ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਸੰਭਾਵੀ ਹਾਦਸਿਆਂ ਦੀ ਰੋਕਥਾਮ ਲਈ ਪੂਰੀ ਮੁਸਤੈਦੀ ਨਾਲ ਕੰਮ ਕਰਨ ਤੇ ਉੱਚ-ਜੋਖਮ ਵਾਲੇ ਹਿੱਸਿਆਂ, ਡਿਵਾਈਡਰਾਂ, ਨਹਿਰਾਂ ਦੇ ਨਾਲ ਲੱਗਦੀਆਂ ਸੜਕਾਂ ਤੇ ਤਿੱਖੇ ਮੋੜਾਂ ’ਤੇ ਐਮਰਜੈਂਸੀ ਆਧਾਰ ’ਤੇ ਕੈਟਸ ਆਈਜ਼, ਰਿਫਲੈਕਟਰ ਤੇ ਬਲਿੰਕਰ ਲਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਉਚੇਚੇ ਤੌਰ ’ਤੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਹੀਨੇ ’ਚ ਇੱਕ ਕਲਾਸ (ਪੀਰੀਅਡ) ਲਾ ਕੇ ਸੜਕ ਸੁਰੱਖਿਆ ਦੇ ਨਿਯਮਾਂ ਤੋਂ ਜਾਣੂ ਕਰਵਾਉਣ। ਉਨ੍ਹਾਂ ਬੱਚਿਆ ਨੂੰ ਸਵੇਰ ਦੀ ਸਭਾ ’ਚ ਵੀ ਸੜਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਕਿਹਾ ਤੇ ਸੜਕ ਸੁਰੱਖਿਆ ’ਚ ਬੱਚਿਆਂ ਦੀ ਰੁਚੀ ਵਧਾਉਣ ਲਈ ਸਲੋਗਨ, ਪੋਸਟਰ ਮੁਕਾਬਲੇ ਕਰਵਾਉਣ ਤੇ ਬੱਚਿਆਂ ਨੂੰ ਲਿਟਰੇਚਰ ਸਮੱਗਰੀ ਦੇਣ ਦੀ ਹਦਾਇਤ ਵੀ ਕੀਤੀ। ਮੀਟਿੰਗ ’ਚ ਹਾਜ਼ਰ ਅਧਿਕਾਰੀਆਂ ਨੂੰ ਉਨ੍ਹਾਂ ਕਿਹਾ ਕਿ ਉਹ ਸਮਾਜ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ। ਟਰਾਂਸਪੋਰਟ ਅਫ਼ਸਰ ਇੰਦਰਪਾਲ ਨੇ ਦੱਸਿਆ ਕਿ 1 ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਦੌਰਾਨ ਹੁਣ ਤੱਕ ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਗੱਡੀਆਂ ਉੱਪਰ ਰਿਫਲੈਕਟਰ, ਹਸਤਾਖਰ ਮੁਹਿੰਮ, ਅੱਖਾਂ ਦਾ ਚੈੱਕਅਪ ਕੈਂਪ ਤੇ ਸੈਮੀਨਾਰ ਆਦਿ ਕਰਵਾਏ ਗਏ ਹਨ ਤੇ ਆਉਣ ਵਾਲੇ ਦਿਨਾਂ ’ਚ ਬੱਸਾਂ, ਟੈਕਸੀ ਚਾਲਕਾਂ ਲਈ ਅੱਖਾਂ ਦਾ ਚੈੱਕਅਪ ਕੈਂਪ, ਮੁਫ਼ਤ ਹੈਲਮਟ, ਸਾਈਕਲ ਰੈਲੀ, ਵਾਕਰਥਨ, ਸੈਮੀਨਾਰ ਆਦਿ ਕਰਵਾ ਕੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 59 ਬਲੈਕ ਸਪੋਟ ਦੀ ਪਛਾਣ ਹੋਈ ਹੈ, ਜਿਸ ’ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਸਮਾਜ-ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।