ਨਿਰਧਾਰਿਤ ਸਮੇਂ ’ਚ ਠੇਕੇ ਖੋਲ੍ਹਣ ਦੀ ਮੰਗ ਬਰਕਰਾਰ
ਨਿਰਧਾਰਿਤ ਸਮੇਂ 'ਚ ਠੇਕੇ ਖੋਲ੍ਹਣ ਦੀ ਮੰਗ ਬਰਕਰਾਰ
Publish Date: Fri, 13 Mar 2026 06:04 PM (IST)
Updated Date: Sat, 14 Mar 2026 04:09 AM (IST)

ਸਮੇਂ ਤੋਂ ਪਹਿਲੇ ਖੁੱਲ੍ਹ ਜਾਂਦੇ ਨੇ ਸ਼ਰਾਬ ਦੇ ਠੇਕੇ ਧਾਰਮਿਕ ਅਸਥਾਨਾਂ, ਬੱਸ ਅੱਡਿਆਂ ਤੇ ਸਕੂਲ ਜਾਣ ਵਾਲਿਆਂ ਨੂੰ ਹੁੰਦੀ ਹੈ ਪਰੇਸ਼ਾਨੀ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਭਾਵੇਂ ਸੂਬਾ ਸਰਕਾਰ ਵੱਲੋਂ ਸੂਬੇ ’ਚ ਸ਼ਰਾਬ ਦੇ ਠੇਕੇ ਸਵੇਰੇ 9 ਵਜੇ ਖੋਲ੍ਹਣ ਤੇ ਰਾਤ 11 ਵਜੇ ਤੱਕ ਬੰਦ ਕਰਨ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਪਰ ਇਸ ਸਮਾਂ ਸਾਰਣੀ ਨੂੰ ਨਜ਼ਰਅੰਦਾਜ ਕਰਦਿਆਂ ਨਾ ਸਿਰਫ ਠੇਕੇ ਦੇ ਕਰਿੰਦੇ ਸ਼ਰਾਬ ਦੇ ਠੇਕਿਆਂ ਨੂੰ ਸਮੇਂ ਤੋਂ ਪਹਿਲਾ ਕਰੀਬ 7 ਤੋਂ 7.30 ਵਜੇ ਹੀ ਖੋਲ੍ਹ ਦਿੰਦੇ ਹਨ, ਜਦਕਿ ਰਾਤ ਨੂੰ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿੰਦੇ ਹਨ। ਸ਼ਰਾਬ ਦੇ ਸ਼ੌਕੀਨਾਂ ਨੂੰ ਸਹੂਲਤਾਂ ਦੇਣ ਲਈ ਨਿਰਧਾਰਿਤ ਸਮੇਂ ਤੋਂ ਪਹਿਲਾ ਖੋਲ੍ਹੇ ਜਾ ਰਹੇ ਸ਼ਰਾਬ ਤੇ ਠੇਕਿਆਂ ਦੇ ਪਾਬੰਦੀ ਲਾਉਣ ਦੀ ਮੰਗ ਸੂਝਵਾਨ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਸੁਬ੍ਹਾ ਸਵੇਰੇ ਧਾਰਮਿਕ ਅਸਥਾਨਾਂ ਵੱਲੋਂ ਮੱਥਾ ਟੇਕਣ ਜਾਂਦੇ ਹਨ ਤਾਂ ਸਵੇਰੇ ਬਿਨਾਂ ਹੱਥ ਮੂੰਹ ਧੋਤੇ ਕੁਝੇਕ ਫੜ੍ਹੀਆਂ ਜਾਂ ਕਬਾੜ ਵਾਲੇ ਸ਼ਰਾਬ ਦੇ ਠੇਕਿਆਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੰਦੇ ਹਨ, ਜਿੱਥੋਂ ਉਹ ਸ਼ਰਾਬ ਖਰੀਦ ਕੇ ਸ਼ਰਾਬ ਦਾ ਪਾਇਆ, ਅਧੀਆ ਜਾਂ ਪੂਰੀ ਬੋਤਲ ਖੋਲ੍ਹ ਕੇ ਪਾਰਟੀ ਦੇ ਦੌਰ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਇਸ ਦੌਰਾਨ ਬੱਸ ਅੱਡਾ, ਅੰਬੇਡਕਰ ਚੌਕ, ਚੰਡੀਗੜ੍ਹ ਚੌਕ ਵਿਖੇ ਸਰਕਾਰੀ ਸਕੂਲਾਂ ਤੇ ਹੋਰਨਾਂ ਕੰਮਕਾਰ ਲਈ ਜਾਣ ਵਾਲੇ ਤੇ ਨਵਾਂਸ਼ਹਿਰ ਦੇ ਬੱਸ ਅੱਡੇ ਵਿਖੇ ਬੱਸਾਂ ਫੜਨ ਲਈ ਜਾਣ ਵਾਲੀਆਂ ਮਹਿਲਾ ਸਵਾਰੀਆਂ, ਮੁਟਿਆਰਾਂ ਤੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸ਼ਹਿਰਾਂ ’ਚ ਇਸ ਤਰ੍ਹਾਂ ਠੇਕੇਦਾਰਾਂ ਤੇ ਕਰਿੰਦਿਆਂ ਦੀ ਮਨਮਰਜ਼ੀ ਚੱਲਦੀ ਹੈ ਤਾਂ ਪਿੰਡਾਂ ’ਚ ਠੇਕੇ ਨੂੰ ਸਮੇਂ ਸਿਰ ਖੋਲ੍ਹਣਾ ਜਾਂ ਬੰਦ ਕਰਨ ਦੇ ਸਮਾਂ ਦਾ ਤਾਂ ਰੱਬ ਹੀ ਰਾਖਾ ਹੋਵੇਗਾ। ਲੋਕਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਲਈ ਲਾਏ ਜਾ ਰਹੇ ਆਬਕਾਰੀ ਅਫ਼ਸਰਾਂ ਨੂੰ ਚੈਕਿੰਗ ਅਭਿਆਨ ਚਲਾ ਕੇ ਸਮੇਂ ਤੋਂ ਪਹਿਲਾ ਅਤੇ ਨਿਰਧਾਰਿਤ ਸਮੇਂ ਤੋਂ ਬਾਅਦ ਖੁੱਲ੍ਹੇ ਰਹਿਣ ਵਾਲੇ ਸ਼ਰਾਬ ਦੇ ਠੇਕਿਆਂ ’ਤੇ ਪਾਬੰਦੀ ਲਾਉਣ ਦੇ ਇੰਤਜਾਮ ਕੀਤੇ ਜਾਣ। ਲੋਕਾਂ ਨੇ ‘ਆਪ’ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਰਾਬ ਦੇ ਅਜਿਹੇ ਠੇਕੇ ’ਤੇ ਕੰਮ ਕਰਦੇ ਕਰਿੰਦਿਆਂ ਅਤੇ ਸ਼ਰਾਬ ਦੇ ਠੇਕੇਦਾਰ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਸ਼ਰਾਬ ਦੇ ਨਸ਼ੇ ’ਚ ਧੁੱਤ ਲੋਕਾਂ ਦੀ ਧਾਰਮਿਕ ਅਸਥਾਨਾਂ ’ਚ ਨਤਮਸਤਕ ਹੋਣ ਜਾਣ ਵਾਲਿਆਂ ਜਾਂ ਕੰਮਕਾਰ ਲਈ ਜਾਣ ਵਾਲੀਆਂ ਔਰਤਾਂ ਨਾਲ ਕੋਈ ਤਕਰਾਰ ਨਾ ਹੋ ਸਕੇ।