ਡੀਸੀ ਦਫਤਰ ਨਵਾਂਸ਼ਹਿਰ ਨੂੰ ਆਈ ਬੰਬ ਨਾਲ ਉਡਾਉਣ ਦੀ ਧਮਕੀ
ਡੀਸੀ ਦਫਤਰ ਨਵਾਂਸ਼ਹਿਰ ਨੂੰ ਆਈ ਬੰਬ ਨਾਲ ਉਡਾਉਣ ਦੀ ਧਮਕੀ
Publish Date: Fri, 16 Jan 2026 06:18 PM (IST)
Updated Date: Sat, 17 Jan 2026 04:10 AM (IST)

ਅੰਮ੍ਰਿਤਸਰ ਤੇ ਲੁਧਿਆਣਾ ਦੇ ਸਰਕਾਰੀ ਦਫਤਰਾਂ, ਸਕੂਲਾਂ, ਕੋਰਟ ਕੰਪਲੈਕਸਾਂ ਨੂੰ ਉਡਾਉਣ ਦੀ ਧਮਕੀ ਆ ਚੁੱਕੀ ਹੈ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਈਮੇਲ ਆਈਡੀ ’ਤੇ ਡੀਸੀ ਦਫ਼ਤਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਨੂੰ ਬੰਬ ਨਾਲ ਉਡਾਉਣ ਦੀ ਈਮੇਲ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਅਫ਼ਸਰਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਚਾਕ ਚੌਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਰਕਾਰੀ ਦਫਤਰਾਂ ’ਚ ਆਉਣ ਜਾਣ ਵਾਲਿਆਂ ਦੀ ਜਾਂਚ ਦੇ ਨਾਲ-ਨਾਲ ਸ਼ੱਕੀ ਸਾਮਾਨ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਅਜਿਹੀ ਕੋਈ ਵੀ ਧਮਾਕਾਖੇਜ ਸਮੱਗਰੀ ਬਰਾਮਦ ਨਹੀਂ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਈਮੇਲ ਆਈਡੀ ਤੇ ਆਈ ਡੀਸੀ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਮੁਲਾਜ਼ਮਾਂ ਵੱਲੋਂ ਸੁਰਖਿਆ ਦੇ ਪ੍ਰਬੰਧਾਂ ਨੂੰ ਪੁਖਤਾ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀਐੱਸਪੀ ਨਵਾਂਸ਼ਹਿਰ ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਈਮੇਲ ਆਈਡੀ ’ਤੇ ਧਮਕੀ ਭਰੀ ਮੇਲ ਆਈ ਹੈ, ਜਿਸ ’ਚ ਲਿਖਿਆ ਹੈ ਕਿ ਡੀਸੀ ਆਫ਼ਿਸ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਡੀਸੀ ਦਫਤਰ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਤੇ ਡੀਸੀ ਦਫ਼ਤਰ ਦੇ ਹਰ ਕਮਰੇ ਦੀ ਤਲਾਸ਼ੀ ਲਈ ਹੈ। ਇਸ ਮੌਕੇ ਡਾਗ ਸਕੁਆਡ, ਬੰਬ ਨਿਰੋਧਕ ਦਸਤੇ, ਫੋਰੈਂਸਿਕ ਟੀਮਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਟੈਕਨੀਕਲ ਟੀਮ ਸ਼ੱਕੀ ਸਾਮਾਨ, ਵਾਹਨਾਂ ਦੀ ਵੀ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਅਫ਼ਸਰਾਂ ਤੇ ਮੁਲਾਜ਼ਮਾਂ ਸਮੇਤ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਪੁਲਿਸ ਦਾ ਮੁੱਖ ਫ਼ਰਜ਼ ਹੈ। ਇਹ ਈਮੇਲ ਹਾਲੇ ਅਫ਼ਵਾਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮਾਮਲਾ ਹੋਰਨਾਂ ਸ਼ਹਿਰਾਂ ’ਚ ਵੀ ਈਮੇਲ ’ਤੇ ਆ ਚੁੱਕਿਆ ਹੈ। ਉਥੇ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਰ ਸਨ।