ਗਣਤੰਤਰ ਦਿਵਸ ਦੀ ਫੁੱਲ ਡ੍ਰੈਸ ਰਿਹਰਸਲ ਦਾ ਡੀਸੀ ਨੇ ਲਿਆ ਜਾਇਜ਼ਾ
77ਵਾਂ ਗਣਤੰਤਰ ਦਿਹਾੜਾ ਦੀ ਫੁੱਲ ਡ੍ਰੈਸ ਰਿਹਰਸਲ ਦਾ ਡੀਸੀ ਨੇ ਲਿਆ ਜਾਇਜਾ
Publish Date: Sat, 24 Jan 2026 06:42 PM (IST)
Updated Date: Sun, 25 Jan 2026 04:16 AM (IST)

ਸਿਹਤ ਮੰਤਰੀ ਡਾ. ਬਲਬੀਰ ਸਿੰਘ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਲਹਿਰਾਉਣਗੇ ਕੌਮੀ ਝੰਡਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਸਥਾਨਕ ਆਈਟੀਆਈ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਫੁੱਲ ਡਰੈੱਸ ਰਿਹਰਸਲ ਕੀਤੀ ਗਈ। ਜਿਸ ਦਾ ਨਿਰੀਖਣ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਕੀਤਾ ਗਿਆ। ਗਣਤੰਤਰ ਦਿਵਸ ਦੀ ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਕੌਮੀ ਝੰਡਾ ਵੀ ਲਹਿਰਾਇਆ ਗਿਆ। ਇਸ ਉਪਰੰਤ ਡੀਸੀ ਨੇ ਐੱਸਐੱਸਪੀ ਤੁਸ਼ਾਰ ਗੁਪਤਾ ਸਮੇਤ ਪਰੇਡ ਵਿਚ ਸ਼ਾਮਲ ਟੁਕੜੀਆਂ ਦਾ ਨਿਰੀਖਣ ਕੀਤਾ। ਪਰੇਡ ਕਮਾਂਡਰ ਦੀ ਅਗਵਾਈ ਵਿਚ ਮਾਰਚ ਪਾਸਟ ਵਿਚ ਸ਼ਾਮਲ ਪੰਜਾਬ ਪੁਲਿਸ (ਪੁਰਸ਼ ਤੇ ਮਹਿਲਾ) ਟੁਕੜੀਆਂ ਤੋਂ ਇਲਾਵਾ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ, ਕੈਂਬਰਿਜ ਇੰਟਰਨੈਸ਼ਨਲ ਸਕੂਲ ਕਰੀਹਾ, ਕਿਰਪਾਲ ਸਾਗਰ ਅਕੈਡਮੀ ਦਰਿਆਪੁਰ ਤੇ ਸਾਂਝ ਕੇਂਦਰ (ਸਟੂਡੈਂਟ ਪੁਲਿਸ ਕੈਡਿਟ) ਦੇ ਵਿਦਿਆਰਥੀਆਂ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਜਦਕਿ ਕੇਸੀ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਆਰਥੀਆਂ ਨੇ ਬੈਂਡ ਰਾਹੀਂ ਮਨਮੋਹਕ ਧੁਨਾਂ ਵਜਾਈਆਂ। ਫੁੱਲ ਡਰੈਸ ਰਿਹਰਸਲ ਦੌਰਾਨ ਸੀਐਮ ਦੀ ਯੋਗਸ਼ਾਲਾ ਰਾਹੀਂ ਯੋਗਾ ਟ੍ਰੇਨਰਾਂ ਅਤੇ ਵਿਦਆਰਥੀਆਂ ਨੇ ਯੋਗ ਦੀ ਮਹੱਤਤਾ ਅਤੇ ਯੋਗਾ ਨਾਲ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ। ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਅਤੇ ਸਕਾਲਰ ਪਬਲਿਕ ਸਕੂਲ ਜਾਡਲਾ ਦੇ ਵਿਦਿਆਰਥੀਆਂ ਨੇ ਕੋਰਿਓਗ੍ਰਾਫੀ ਅਤੇ ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ ਦੇ ਵਿਦਿਆਰਥੀਆਂ ਨੇ ਮਾਰਸ਼ਲ ਖੇਡ ਗਤਕੇ ਦੀ ਪੇਸ਼ਕਾਰੀ ਕੀਤੀ। ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਕੁਲਾਮ ਦੀਆਂ ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਤੇ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ। ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਨ ਗਾਇਆ।।ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਨੂੰ ਅੰਤਿਮ ਰੂਪ ਦੇਣ ਲਈ ਗਰਾਊਂਡ ਵਿਚ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ। ਉਨ੍ਹਾਂ ਸਮੁੱਚੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਮੰਤਰੀ ਡਾ. ਬਲਬੀਰ ਸਿੰਘ 26 ਜਨਵਰੀ ਨੂੰ 77ਵੇਂ ਗਣਤੰਤਰ ਦਿਵਸ ਮੌਕੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਉਪਰੰਤ ਆਈਟੀਆਈ ਗਰਾਊਂਡ ਵਿਖੇ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਦੱਸਿਆ ਕਿ ਦੇਸ਼ ਭਗਤੀ ਤੇ ਅਧਾਰਿਤ ਵੰਨਗੀਆਂ ਦੀ ਪੇਸ਼ਕਾਰੀ ਤੋ ਇਲਾਵਾ ਵੱਖ-ਵੱਖ ਸਕੀਮਾਂ ਅਤੇ ਕਾਰਜਾਂ ਨੂੰ ਦਰਸਾਉਂਦੀਆਂ ਵਿਭਾਗਾਂ ਦੀਆਂ ਝਾਕੀਆਂ ਵੀ ਪ੍ਰੋਗਰਾਮ ਦਾ ਹਿੱਸਾ ਹੋਣਗੀਆਂ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਸਾਰੇ ਸਬੰਧਤ ਵਿਭਾਗਾਂ ਨੂੰ ਗਣਤੰਤਰ ਦਿਵਸ ਸਮਾਰੋਹ ਨੂੰ ਬੇਮਿਸਾਲ ਬਣਾਉਣ ਲਈ ਸੁਹਿਰਦ ਯਤਨ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸ਼ਾਨਦਾਰ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਕੀਤੀ। ਜਿਸ ਵਿਚ ਬਾਰੀਕੀ ਨਾਲ ਯੋਜਨਾਬੰਦੀ ਅਤੇ ਅਮਲ ਦੀ ਮਹੱਤਤਾ ਤੇ ਚਾਨਣਾ ਪਾਇਆ ਗਿਆ।।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇ.ਵਿ) ਅਵਨੀਤ ਕੌਰ, ਐੱਸਡੀਐਮ ਨਵਾਂਸ਼ਹਿਰ ਅਨਮਜਯੋਤ ਕੌਰ, ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।