ਦਪਿੰਦਰ ਕੌਰ ਨੇ ਟਾਪ ਕਰ ਕੇ ਜਿੱਤਿਆ ਗੋਲਡ ਮੈਡਲ
ਦਪਿੰਦਰ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚੋਂ ਟਾਪ ਕਰਕੇ ਜਿੱਤਿਆ ਗੋਲਡ ਮੈਡਲ
Publish Date: Thu, 26 Feb 2026 05:59 PM (IST)
Updated Date: Fri, 27 Feb 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਸਬ ਡਵੀਜ਼ਨ ਬਲਾਚੌਰ ਦੇ ਨੈਸ਼ਨਲ ਹਾਈਵੇ ਉੱਪਰ ਪਿੰਡ ਰੱਕੜਾਂ ਬੇਟ ਦੀ ਹੋਣਹਾਰ ਵਿਦਿਆਰਥਣ ਦਪਿੰਦਰ ਕੌਰ ਨੇ ਆਪਣੀ ਅਕਾਦਮਿਕ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸੇਵਾ ਮੁਕਤ ਅਧਿਆਪਕ ਹਰੀ ਸਿੰਘ ਦੀ ਪੁੱਤਰੀ ਦਪਿੰਦਰ ਕੌਰ ਨੇ ਐਮਐੱਸਸੀ ਸੋਇਲ ਸਾਇੰਸ ਐਂਡ ਐਗਰੀਕਲਚਰਲ ਕੈਮਿਸਟਰੀ ਦੀ ਪ੍ਰੀਖਿਆ ’ਚੋਂ ਯੂਨੀਵਰਸਿਟੀ ਟਾਪ ਕਰਕੇ ਗੋਲਡ ਮੈਡਲ ਹਾਸਲ ਕੀਤਾ ਹੈ। ਮਈ 2024 ਵਿਚ ਹੋਈਆਂ ਪ੍ਰੀਖਿਆ ਦੌਰਾਨ ਦਪਿੰਦਰ ਕੌਰ ਨੇ 10 ’ਚੋਂ 8.68 ਕੋਮੁਲੇਟਿਵ ਗ੍ਰੇਡ ਪੁਆਇੰਟ ਐਵਰੇਜ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਪਣੀ ਮਿਹਨਤ ਸਦਕਾ ਉਸ ਨੇ ਕਾਲਜ ਅਤੇ ਯੂਨੀਵਰਸਿਟੀ ਵਿੱਚੋਂ ਮੋਹਰੀ ਰਹਿ ਕੇ ਗੋਲਡ ਮੈਡਲ ਤੇ ਕਬਜ਼ਾ ਕੀਤਾ। ਇਸ ਸਫਲਤਾ ਨਾਲ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਪਿੰਡ ਰੱਕੜਾਂ ਬੇਟ ਤੇ ਬਲਾਚੌਰ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਦਪਿੰਦਰ ਕੌਰ ਦੀ ਇਸ ਪ੍ਰਾਪਤੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਪਿੰਡਾਂ ਦੀਆਂ ਧੀਆਂ ਵੀ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵਿਚ ਵੱਡੇ ਮੁਕਾਮ ਹਾਸਲ ਕਰ ਸਕਦੀਆਂ ਹਨ। ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਦਪਿੰਦਰ ਕੌਰ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਦੇ ਇਸ ਮੁਕਾਮ ਤੇ ਪੁੱਜਣ ’ਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।