ਫੈਕਟਰੀ ਦੇ ਛੱਡੇ ਜ਼ਹਿਰੀਲੇ ਪਾਣੀ ਨਾਲ ਫ਼ਸਲ ਤੇ ਪਾਪੂਲਰ ਦੇ ਦਰੱਖਤ ਤਬਾਹ
ਫੈਕਟਰੀ ਮਾਲਕਾਂ ਵੱਲੋਂ ਛੱਡੇ ਜ਼ਹਿਰੀਲੇ ਪਾਣੀ ਨਾਲ ਫ਼ਸਲ ਤੇ ਪਾਪੂਲਰ ਦੇ ਦਰੱਖਤ ਹੋਏ ਤਬਾਹ
Publish Date: Thu, 05 Mar 2026 08:02 PM (IST)
Updated Date: Fri, 06 Mar 2026 04:15 AM (IST)

ਪੀੜਤ ਜ਼ਿਮੀਦਾਰ ਨੇ ਇਨਸਾਫ ਦੀ ਲਾਈ ਗੁਹਾਰ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਇੱਕ ਪਾਸੇ ਸਰਕਾਰਾਂ ਵੱਲੋਂ ਪਾਣੀ, ਹਵਾ ਤੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਰੱਖੇ ਜਾਣ ਲਈ ਲੱਖਾਂ ਰੁਪਏ ਜਾਗਰੂਕ ਮੁਹਿੰਮਾਂ ’ਤੇ ਖਰਚ ਕੀਤੇ ਜਾ ਰਹੇ ਹਨ ਤੇ ਸਰਕਾਰੀ ਵਿਭਾਗ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਜਲਵਾਯੂ ਨੂੰ ਬਚਾਉਣ ਲਈ ਕੰਮ ਕਰਦਾ ਹੈ ਪਰ ਦੂਜੇ ਪਾਸੇ ਧਨਾਢ ਫੈਕਟਰੀ ਮਾਲਕਾ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆ ਨੂੰ ਪਤਾ ਨਹੀਂ ਅਜਿਹੀ ਕਿਹੜੀ ਗਿੱਦੜਸਿੰਞੀ ਨਾਲ ਕੀਲੀਆ ਹੋਇਆ ਹੈ ਕਿ ਸ਼ਰੇਆਮ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਨਹੀ ਹੋ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਮੀਂਦਾਰ ਮਨਮੋਹਨ ਸਿੰਘ ਪੁੱਤਰ ਸਮਸ਼ੇਰ ਸਿੰਘ ਪਿੰਡ ਲੋਹਟ ਨੇ ਆਖਿਆ ਕਿ ਉਸ ਵੱਲੋਂ ਆਪਣੇ ਪਰਿਵਾਰਕ ਗੁਜਾਰੇ ਲਈ ਪਿੰਡ ਤਾਜੋਵਾਲ ਵਿਖੇ ਪਰਹਾਰ ਫਾਰਮ ਦੀ ਕਰੀਬ 10 ਏਕੜ ਜ਼ਮੀਨ ਠੇਕੇ ’ਤੇ ਲਈ ਹੈ। ਉਸ ’ਚ ਉਸ ਵੱਲੋਂ ਸਖ਼ਤ ਮਿਹਨਤ ਤੇ ਪੱਲਿਓ ਪੈਸੇ ਖਰਚ ਕਰ ਕੇ ਪਾਪੂਲਰ ਦੇ ਦਰੱਖਤ ਲਾਏ ਹੋਏ ਹਨ, ਜਿਹੜੇ ਕਿ ਹੁਣ ਤੀਜੇ ਸਾਲ ’ਚ ਹਨ। ਉਨ੍ਹਾਂ ਦੱਸਿਆ ਪਾਪੂਲਰਾਂ ਦੇ ਵਿਚਕਾਰ ਵਾਲੀ ਖਾਲੀ ਥਾਂ ’ਚ ਕਣਕ ਦੀ ਫਸਲ ਵੀ ਕਾਸ਼ਤ ਕੀਤੀ ਹੋਈ ਹੈ ਤੇ ਇਸ ਜ਼ਮੀਨ ਦੇ ਨਾਲ ਹੀ ਹੈਲਥ ਕੈਪਸ ਇੰਡੀਆ ਲਿਮ. ਫੈਕਟਰੀ ਲੱਗਦੀ ਹੈ ਤੇ ਜਿਨ੍ਹਾਂ ਨੇ ਆਪਣੀ ਹੱਦ ’ਚ ਕੰਧ ਦੀ ਉਸਾਰੀ ਕੀਤੀ ਹੋਈ ਹੈ ਪਰ ਹੁਣ ਫੈਕਟਰੀ ਪ੍ਰਬੰਧਕਾਂ ਵੱਲੋਂ ਇਸ ਕੰਧ ’ਚ ਸੁਰਾਖ ਕਰ ਕੇ ਉਸ ਦੀ ਜ਼ਮੀਨ ਵੱਲ ਨੂੰ ਜ਼ਹਿਰੀਲਾ ਤੇ ਬਦਬੂਦਾਰ ਰਸਾਇਣਕ ਯੁਕਤ ਵੱਡੀ ਮਾਤਰਾ ’ਚ ਪਾਣੀ ਨੂੰ ਧੱਕੇਸ਼ਾਹੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਪਾ ਦਿੱਤਾਹੈ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਵਾਰ-ਵਾਰ ਫੈਕਟਰੀ ਦੇ ਐੱਚਆਰ ਜਸਵਿੰਦਰ ਸਿੰਘ, ਸਰਪੰਚ ਫਤਿਹਪੁਰ ਸੁਖਵਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਇਸ ਜ਼ਹਿਰੀਲੇ ਪਾਣੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਉਸ ਦੀ ਫਸਲ ਨੂੰ ਪੁੱਜ ਰਿਹਾ ਨੁਕਸਾਨ ਬਚ ਸਕੇ ਪਰ ਉਨ੍ਹਾਂ ਨੇ ਕੋਈ ਗੱਲ ਨਹੀ ਮੰਨੀ, ਜਿਸ ਦੇ ਨਤੀਜੇ ਵਜੋਂ ਉਸ ਦੀ ਖੇਤੀਬਾੜੀ ਵਾਲੀ ਜ਼ਮੀਨ ਦਾ ਮਾਦਾ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਤੇ ਜੇਕਰ ਇਸ ਪਾਣੀ ਨੂੰ ਨਾ ਰੋਕਿਆ ਗਿਆ ਤਾਂ ਜ਼ਮੀਨ ਨੂੰ ਕੈਂਸਰ ਵਰਗੀ ਬਿਮਾਰੀ ਹੋ ਜਾਵੇਗੀ ਤੇ ਇਸ ਦੀ ਉਪਜਾਊ ਸ਼ਕਤੀ ਖਤਮ ਹੋ ਜਾਵੇਗੀ। ਉਨਾਂ ਦੱਸਿਆ ਕਿ ਬੇਨਤੀ ਕਰਨ ਫੈਕਟਰੀ ਪ੍ਰਬੰਧਕਾਂ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ, ਜਿਸ ਦੇ ਨਤੀਜੇ ਵਜੋਂ ਕਰੀਬ 1100 ਪਾਪੂਲਰ ਦੇ ਤੀਜੇ ਸਾਲ ਦੀ ਉਮਰ ਦੇ ਦਰੱਖਤ ਤੇ ਕਰੀਬ 3 ਕਨਾਲ ਕਣਕ ਦੀ ਫਸਲ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਫੈਕਟਰੀ ਪ੍ਰਬੰਧਕਾਂ ਦੀ ਇਸ ਲਾਪਰਵਾਹੀ ਕਾਰਨ ਉਹ ਬਹੁਤ ਜ਼ਿਆਦਾ ਮਾਨਸਿਕ ਪ੍ਰੇਸ਼ਾਨੀ ’ਚ ਹੈ, ਕਿਉਂਕਿ ਇਹ ਵੱਡਾ ਤੇ ਨਾ ਸਹਿਣਯੋਗ ਘਾਟਾ ਉਸ ਨੂੰ ਆਰਥਿਕ ਪੱਖੋ ਕਮਜ਼ੋਰ ਕਰ ਕੇ ਭੁੱਖਮਰੀ ਦਾ ਸ਼ਿਕਾਰ ਬਣਾ ਦੇਵੇਗਾ। ਪੀੜਤ ਕਿਸਾਨ ਨੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਦਰਖਾਸਤ ਮੇਲ ਕਰ ਕੇ ਅਪੀਲ ਕੀਤੀ ਹੈ ਕਿ ਤਹਿਸੀਲਦਾਰ ਬਲਾਚੌਰ, ਖੇਤੀਬਾੜੀ ਅਫ਼ਸਰ ਬਲਾਚੌਰ, ਪ੍ਰਦੂਸ਼ਣ ਕੰਟਰੋਲ ਵਿਭਾਗ, ਭੂਮੀ ਰੱਖਿਆ ਵਿਭਾਗ ਤੇ ਹੋਰ ਸਬੰਧਤ ਅਧਿਕਾਰੀਆਂ ਦੀ ਟੀਮ ਬਣਾ ਕੇ ਪੜਤਾਲ ਕਰਵਾਈ ਜਾਵੇ ਤੇ ਉਸ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ। ਬਾਕਸ-- ਫੈਕਟਰੀਆਂ ਵੱਲੋਂ ਫੈਲਾਏ ਪ੍ਰਦੂਸ਼ਣ ਨਾਲ ਲੋਕ ਹੋ ਰਹੇ ਬਿਮਾਰੀਆਂ ਦੇ ਸ਼ਿਕਾਰ : ਦਿਨੇਸ਼ ਗੰਗੜ ਸਮਾਜ-ਸੇਵੀ ਤੇ ਵਾਤਾਵਰਣ ਪ੍ਰੇਮੀ ਦਿਨੇਸ ਗੰਗੜ ਨਿਵਾਸੀ ਬਲਾਚੌਰ ਨੇ ਦੱਸਿਆ ਕਿ ਸਬ-ਡਵੀਜ਼ਨ ਬਲਾਚੌਰ ਦੇ ਕਾਠਗੜ੍ਹ ਏਰੀਆਂ ਦੇ ਇਰਧ-ਗਿਰਦ ਪੈਂਦੀਆਂ ਫੈਕਟਰੀਆਂ ’ਚੋਂ ਅੰਮ੍ਰਿਤ ਵਰਗੇ ਪਾਣੀ ’ਚ ਕੈਮੀਕਲ ਯੁਕਤ, ਖਤਰਨਾਕ ਰਸਾਇਣਾਂ ਦੇ ਮਿਸ਼ਰਤ ਘੋਲ ਵਾਲੇ ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਜਿੱਥੇ ਅੰਦਰਗਤੀ ਧਰਤੀ ਦੀ ਹਿੱਕ ਚੀਰ ਕੇ ਹੇਠਾਂ ਸੁੱਟਿਆ ਜਾ ਰਿਹਾ ਹੈ, ਉਥੇ ਹੀ ਇਸ ਪਾਣੀ ਨੂੰ ਖੁੱਲੀਆਂ ਥਾਵਾਂ ਉਪਰ ਵੀ ਪਾਇਆ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਇਲਾਕੇ ਦੇ ਖੇਤੀਬਾੜੀ ਸਿੰਚਾਈ ਦੇ ਟਿਊਬਵੈੱਲਾਂ ਤੇ ਨਲਕਿਆ ਦਾ ਪਾਣੀ ਨਾ ਹੀ ਪੀਣਯੋਗ ਤੇ ਨਾ ਹੀ ਖੇਤੀਯੋਗ ਰਿਹਾ ਹੈ। ਇਹ ਪਾਣੀ ਕਿੰਨਾ ਕੁ ਜ਼ਹਿਰੀਲਾ ਹੈ ਇਸ ਬਾਰੇ ਧਰਤੀ ਹੇਠੋਂ ਨਿਕਲ ਰਹੇ ਪਾਣੀ ਉਪਰ ਬਣ ਰਹੀ ਝੱਗ ਤੋਂ ਸਾਫ ਜ਼ਾਹਿਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਹਿਰੀਲਾ ਪਾਣੀ ਖੇਤਾਂ ’ਚ ਫ਼ਸਲਾਂ, ਸਬਜ਼ੀਆਂ, ਪਸ਼ੂਆਂ ਦੇ ਚਾਰੇ ਤੇ ਹੋਰ ਫ਼ਸਲਾਂ ਨੂੰ ਲਾਏ ਜਾਣ ਕਾਰਨ ਫ਼ਸਲਾਂ ’ਚ ਵੀ ਜ਼ਹਿਰੀਲਾ ਮਾਦਾ ਲਗਾਤਾਰ ਵੱਧ ਰਿਹਾ ਹੈ, ਜਿਸ ਨਾਲ ਜਿੱਥੇ ਜ਼ਮੀਨਾਂ ਬੰਜਰ ਹੋ ਰਹੀਆਂ ਹਨ, ਉਥੇ ਹੀ ਮਨੁੱਖੀ ਜ਼ਿੰਦਗੀ ਦੇ ਨਾਲ-ਨਾਲ ਪਸ਼ੂਆਂ ਪੰਛੀਆਂ ਦੀ ਜ਼ਿੰਦਗੀ ਨੂੰ ਵੀ ਖ਼ਤਰੇ ’ਚ ਪਾਇਆ ਪਾ ਦਿੱਤਾ ਹੈ। ਫੈਕਟਰੀਆਂ ਦੀਆਂ ਚਿਮਨੀਆਂ ’ਚ ਬੇਤਹਾਸ਼ਾ ਨਿਕਲ ਰਿਹਾ ਧੂੰਆਂ ਵੀ ਇਲਾਕੇ ਦੇ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣ ਚੁੱਕਾ ਹੈ। ਇਸ ਨਾਲ ਉਮਰ ਤੋਂ ਪਹਿਲਾ ਹੀ ਬੱਚਿਆਂ ਨੂੰ ਜਿੱਥੇ ਐਨਕਾਂ ਲੱਗ ਰਹੀਆਂ ਹਨ, ਉਥੇ ਹੀ ਇਲਾਕੇ ਦੇ ਲੋਕਾਂ ਨੂੰ ਅਲਰਜੀ, ਚਮੜੀ ਦੇ ਰੋਗ, ਅੱਖਾਂ ਦੀ ਖਾਰਸ਼ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਪੀੜਤ ਹੋਣ ਦੀਆਂ ਘਟਨਾਵਾਂ ਵਧਦੀਆ ਹੀ ਜਾ ਰਹੀਆ ਹਨ। ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਲੋਕ ਮੌਤ ਦੇ ਮੂੰਹ ਜਾ ਰਹੇ ਹਨ। ਉਨਾਂ ਅਪੀਲ ਕੀਤੀ ਕਿ ਫੈਕਟਰੀ ਪ੍ਰਬੰਧਕਾਂ ਦੀ ਲਾਪਰਵਾਹੀ ’ਤੇ ਤੁਰੰਤ ਨੱਥ ਪਾਈ ਜਾਵੇ। ਬਾਕਸ-- ਕੀ ਕਹਿੰਦੇ ਹਨ ਇਲਾਕਾ ਵਾਸੀ? ਇੰਡਸਟਰੀ ਏਰੀਆ ਕਾਠਗੜ੍ਹ ਤੇ ਰੈਲ ਮਾਜਰਾ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਫੈਕਟਰੀਆਂ ਦੇ ਪ੍ਰਦੂਸ਼ਣ ਨਾਲ ਉਨਾਂ ਦਾ ਜਿਊਣਾ ਮੁਸ਼ਕਿਲ ਹੋ ਚੁੱਕਿਆ ਹੈ ਤੇ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦਿਆਂ ਆਖਿਆਂ ਕਿ ਲੋਕਾਂ ਵੱਲੋਂ ਵੱਡੇ ਫ਼ਤਵੇ ਨਾਲ ਤੁਹਾਨੂੰ ਸਤਾ ਦਿਵਾਈ ਹੈ, ਜਿਸ ਲਈ ਲੋਕਾਂ ਦੀ ਸਮੱਸਿਆਂ ਵੱਲ ਉਚੇਚਾ ਧਿਆਨ ਦਿੰਦਿਆਂ ਵਿਸ਼ੇਸ ਦਖਲਅੰਦਾਜ਼ੀ ਦੇ ਕੇ ਕੁੰਭਕਰਨੀ ਸੁੱਤੇ ਪਏ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜਗਾਓ ਤਾਂ ਜੋ ਅੰਮ੍ਰਿਤ ਵਰਗੇ ਧਰਤੀ ਹੇਠਲੇ ਪਾਣੀ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਤੇ ਅਨਮੋਲ ਮਨੁੱਖੀ ਜ਼ਿੰਦਗੀਆਂ ਬਚ ਸਕਣ। ਬਾਕਸ-- ਕੀ ਕਹਿੰਦੇ ਨੇ ਫੈਕਟਰੀ ਦੇ ਐੱਚਆਰ ਜਸਵਿੰਦਰ ਸਿੰਘ ਸੈਣੀ? ਇਸ ਸਬੰਧੀ ਹੈਲਥ ਕੈਪਸ ਇੰਡੀਆ ਲਿਮ. ਫੈਕਟਰੀ ਤਾਜੋਵਾਲ ਦੇ ਐੱਚਆਰ ਜਸਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਪਿਛਲੀ ਬਰਸਾਤ ਦੇ ਤੇਜ਼ ਵਹਾਅ ਆਏ ਪਾਣੀ ਕਾਰਨ ਓਵਰਫਲੋਅ ਹੋ ਕੇ ਪਾਣੀ ਨਾਲ ਲੱਗਦੀ ਜ਼ਮੀਨ ਮਾਲਕ ਦੇ ਖੇਤਾਂ ’ਚ ਚਲਾ ਗਿਆ ਸੀ। ਉਸ ਵੱਲੋਂ ਮਨਮੋਹਨ ਸਿੰਘ ਦੀ ਜ਼ਮੀਨ ਦਾ ਮੌਕਾ ਵੇਖਿਆ ਗਿਆ ਹੈ ਤੇ ਜਿਨ੍ਹਾਂ ਵੱਲੋਂ ਆਪਣੀ ਜ਼ਮੀਨ ਦਾ ਲੈਵਲ ਹੇਠਾਂ ਕੀਤਾ ਸੀ, ਜਿਸ ਕਾਰਨ ਫੈਕਟਰੀ ਦੀ ਕੰਧ ’ਚ ਸੁਰਾਖ ਹੋ ਕੇ ਪਾਣੀ ਉਨਾਂ ਵੱਲ ਚਲਾ ਗਿਆ ਸੀ। ਉਨ੍ਹਾਂ ਵੱਲੋਂ ਆਪਣੀ ਕੰਧ ਨੂੰ ਠੀਕ ਕਰਵਾ ਦਿੱਤਾ ਗਿਆ ਹੈ। ਪੀੜਤ ਕਿਸਾਨ ਨੂੰ ਵੀ ਬਣਦੇ ਯੋਗ ਮੁਆਵਜ਼ਾ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਸੀ ਪਰ ਉਨ੍ਹਾਂ ਵੱਲੋਂ ਨੁਕਸਾਨ ਤੋਂ ਵੱਧ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।