ਵਾਰਡ ਨੰਬਰ 13 ’ਚ ਗੰਦੇ ਤੇ ਬਦਬੂਦਾਰ ਪਾਣੀ ਦੀ ਸਪਲਾਈ, ਲੋਕ ਪਰੇਸ਼ਾਨ
ਵਾਰਡ ਨੰਬਰ 13 'ਚ ਗੰਦੇ ਅਤੇ ਬਦਬੂਦਾਰ ਪਾਣੀ ਦੀ ਸਪਲਾਈ ਕਾਰਨ ਕੌਂਸਲਰ ਤੇ ਲੋਕ ਪਰੇਸ਼ਾਨ
Publish Date: Fri, 06 Mar 2026 06:33 PM (IST)
Updated Date: Sat, 07 Mar 2026 04:09 AM (IST)

ਕੌਂਸਲਰ ਨੇ ਡਿਪਟੀ ਕਮਿਸ਼ਨਰ, ਈਓ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਨੂੰ ਭੇਜਿਆ ਪੱਤਰ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਗਰ ਕੌਂਸਲ ਨਵਾਂਸ਼ਹਿਰ ਦੀ ਵਾਰਡ ਨੰਬਰ 13 ਦੀ ਕੌਂਸਲਰ ਜਸਪ੍ਰੀਤ ਕੌਰ ਬਖਸ਼ੀ ਨੇ ਕਾਰਜਸਾਧਕ ਅਫ਼ਸਰ ਨਵਾਂਸ਼ਹਿਰ, ਡਾਇਰੈਕਟਰ ਸਥਾਨਕ ਸਰਕਾਰ ਪੰਜਾਬ, ਡਿਪਟੀ ਕਮਿਸ਼ਨਰ ਦੇ ਨਾਂ ਇਕ ਮੰਗ-ਪੱਤਰ ਭੇਜਦਿਆਂ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਕੀਤੀ ਜਾ ਰਹੀ ਪੀਣ ਵਾਲੇ ਪਾਣੀ ਦੀ ਸਪਲਾਈ ਬਦਬੂਦਾਰ ਤੇ ਗੰਦਾ ਪਾਣੀ ਆਉਣ ਦੀ ਸ਼ਿਕਾਇਤ ਕਰਦਿਆਂ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ। ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਬਾਰੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂ ਜਾਣੂ ਕਰਵਾਇਆ ਗਿਆ ਹੈ ਪਰ ਪਾਣੀ ਦੀ ਸਪਲਾਈ ’ਚ ਕੋਈ ਸੁਧਾਰ ਨਹੀਂ ਹੋਇਆ ਹੈ। ਅੱਜ ਜਦੋਂ ਕਾਰਜਸਾਧਕ ਅਫ਼ਸਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਗੰਦੇ ਪਾਣੀ ਦੀ ਸਪਲਾਈ ਕਾਰਨ ਪਰੇਸ਼ਾਨ ਹਨ, ਜਦਕਿ ਇਕ ਮਹਿਲਾ ਕੌਸਲਰ ਹੋਣ ਕਾਰਨ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਇਸ ਪਰੇਸ਼ਾਨੀ ਨੂੰ ਹੱਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪੀਣ ਵਾਲੇ ਪਾਣੀ ਦੀ ਸਪਲਾਈ ’ਚ ਸੁਧਾਰ ਨਹੀਂ ਹੋਇਆ ਤਾਂ ਬਤੌਰ ਕੌਂਸਲਰ ਉਨ੍ਹਾਂ ਨੂੰ ਧਰਨੇ ਦੇ ਬੈਠਣ ਲਈ ਮਜਬੂਰ ਹੋਣਾ ਪਵੇਗਾ। ਇਸ ਲਈ ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੀ ਹੋਵੇਗੀ। ਬਾਕਸ-- ਪੰਡੋਰਾ ਮੁਹੱਲਾ ਚ ਸੀਵਰੇਜ ਬਲਾਕੇਜ ਕਾਰਨ ਲੋਕ ਦੁਖੀ ਨਗਰ ਕੌਂਸਲ ਨਵਾਂਸ਼ਹਿਰ ਦੇ ਅਧੀਨ ਆਉਂਦੇ ਮੁਹੱਲਾ ਪੰਡੋਰਾ ਦੇ ਵਸਨੀਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨੀ ਦੇ ਦੌਰ ’ਚੋਂ ਲੰਘ ਰਹੇ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਮੁਹੱਲੇ ’ਚ ਧਾਰਮਿਕ ਅਸਥਾਨਾਂ ਦੇ ਨਾਲ-ਨਾਲ ਦੋਆਬਾ ਕੁਸ਼ਟ ਆਸ਼ਰਮ, ਸੇਵਾ ਕੇਂਦਰ, ਪੁਰਾਣੀ ਦਾਣਾ ਮੰਡੀ, ਕੈਂਟਰ ਯੂਨੀਅਨ, ਨਵੀਂ ਦਾਣਾ ਮੰਡੀ ਤੇ ਕਰਿਆਮ ਵੱਲ ਜਾਣ ਵਾਲੇ ਵਾਹਨ ਚਾਲਗ ਸਮੇਤ ਹੋਰ ਵੀ ਮੁਹੱਲਾ ਵਾਸੀ ਭਾਰੀ ਪਰੇਸ਼ਾਨੀ ਵਿਚੋਂ ਲੰਘ ਰਹੇ ਹਨ। ਉਨ੍ਹਾਂ ਦਾ ਸੜਕਾਂ ਤੋਂ ਆਉਣਾ-ਜਾਣਾ ਵੀ ਮੁਹਾਲ ਹੋ ਗਿਆ ਹੈ। ਲੋਕਾਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਦੇ ਅਫ਼ਸਰਾਨ ਤੇ ਮੁਲਾਜ਼ਮ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਯੋਗ ਉਪਰਾਲੇ ਕਰਨ। ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਇਸ ਸਬੰਧ ’ਚ ਨਗਰ ਕੌਂਸਲ ਅਫ਼ਸਰਾਂ, ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਲੋਕਾਂ ਨੇ ਇਲਾਕੇ ’ਚ ਬੰਦ ਪਈ ਸੀਵਰੇਜ ਲਾਈਨ ਨੂੰ ਦੁਬਾਰਾ ਪਾਉਣ ਲਈ ਯੋਗ ਉਪਰਾਲੇ ਛੇਤੀ ਤੋਂ ਛੇਤੀ ਕਰਨ ਦੀ ਪੁਰਜ਼ੋਰ ਮੰਗ ਵੀ ਕੀਤੀ। ਲੋਕਾਂ ਨੇ ਦੱਸਿਆ ਕਿ ਗੰਦੇ ਪਾਣੀ ’ਚ ਮੱਛਰਾਂ, ਮੱਖੀਆਂ ਤੇ ਹੋਰਨਾਂ ਜੀਵ ਜੰਤੂਆਂ ਦੇ ਪੈਦਾ ਹੋਣ ਕਾਰਨ ਮੁਹੱਲੇ ਦੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਮੁਹੱਲੇ ਦੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਦਿਵਾਇਆ ਜਾਵੇ। ਉਧਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨੀਸ਼ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਦੀ ਆਰਡੇਨਰੀ ਮੀਟਿੰਗ ’ਚ ਪੰਡੋਰਾ ਮੁਹੱਲਾ ਦੀ ਬੈਠੀ ਸੀਵਰੇਜ ਲਾਈਨ ਨੂੰ ਦੁਬਾਰਾ ਪਾਉਣ ਲਈ ਮਤਾ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਟੈਂਡਰ ਤੇ ਹੋਰ ਪ੍ਰਕ੍ਰਿਆ ਪੂਰੀ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ।