ਕਾਂਗਰਸ ਪਹਿਲਾਂ ਆਪਣੇ 'ਝੂਠੇ ਮੈਨੀਫੈਸਟੋ' 'ਤੇ ਝਾਤ ਮਾਰੇ, ਫਿਰ ਦੂਜਿਆਂ 'ਤੇ ਸਵਾਲ ਚੁੱਕੇ : ਸਿਆਣ
ਕਾਂਗਰਸ ਪਹਿਲਾਂ ਆਪਣੇ 'ਝੂਠੇ ਮੈਨੀਫੈਸਟੋ' 'ਤੇ ਝਾਤ ਮਾਰੇ, ਫਿਰ ਦੂਜਿਆਂ 'ਤੇ ਸਵਾਲ ਚੁੱਕੇ-ਜਸਵਿੰਦਰ ਸਿਆਣ
Publish Date: Tue, 17 Mar 2026 05:01 PM (IST)
Updated Date: Wed, 18 Mar 2026 04:07 AM (IST)
ਸੀਨੀਅਰ ਆਗੂ ਜਸਵਿੰਦਰ ਸਿਆਣ। ਪੰਜਾਬੀ ਜਾਗਰਣ
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿਆਣ ਨੇ ਪਿਛਲੀ ਕਾਂਗਰਸ ਸਰਕਾਰ 'ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਦੂਜਿਆਂ 'ਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿਚ ਝਾਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਕਾਂਗਰਸ '48' ਦੇ ਮੁੱਦੇ ਨੂੰ ਹਵਾ ਦੇ ਰਹੀ ਹੈ, ਉਹ ਸਿਰਫ਼ ਆਪਣੀਆਂ ਨਾਕਾਮੀਆਂ ਨੂੰ ਛਿਪਾਉਣ ਦੀ ਇੱਕ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਨੇ ਸੱਤਾ ਵਿਚ ਰਹਿ ਕੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿ ਗਏ। ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਅਤੇ ਹਰ ਘਰ ਨੌਕਰੀ ਦੇਣ ਦੇ ਸਬਜ਼ਬਾਗ ਦਿਖਾ ਕੇ ਵੋਟਾਂ ਤਾਂ ਬਟੋਰ ਲਈਆਂ ਪਰ ਪੰਜ ਸਾਲਾਂ ਵਿਚ ਕਿਸੇ ਵੀ ਘਰ ਨੂੰ ਨੌਕਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਫਾਲਤੂ ਦੇ ਮੁੱਦੇ ਛੱਡ ਕੇ ਆਪਣੇ ਉਸ 'ਝੂਠੇ ਮੈਨੀਫੈਸਟੋ' 'ਤੇ ਝਾਤ ਮਾਰੇ। ਜਿਸ ਨੇ ਪੰਜਾਬ ਦੇ ਹਰ ਵਰਗ ਨੂੰ ਗੁਮਰਾਹ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਰਫ਼ 'ਕਾਗਜ਼ੀ ਦਾਅਵੇ' ਤੇ 'ਚੋਣ ਸਟੰਟ' ਕੀਤੇ ਹਨ। ਜਿਸ ਦਾ ਖਾਮਿਆਜ਼ਾ ਅੱਜ ਵੀ ਸੂਬੇ ਦੇ ਲੋਕ ਭੁਗਤ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਖਾਲੀ ਕੀਤੇ ਖ਼ਜ਼ਾਨੇ ਅਤੇ ਵਿਗੜੀ ਹੋਈ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ।