ਭਾਜਪਾ ਲੋਕਾਂ ਨੂੰ ਗੁੰਮਰਾਹ ਕਰ ਰਹੀ : ਰਾਣਾ
ਕਾਂਗਰਸ ਵੱਲੋਂ ਮੁੱਢ ਤੋਂ ਹੀ ਮਹਿਲਾਵਾਂ ਦੇ ਰਾਖਵਾਂਕਰਨ ਨੂੰ ਸਮਰਥਨ-ਅਜੇ ਮੰਗੂਪੁਰ
Publish Date: Wed, 22 Apr 2026 04:50 PM (IST)
Updated Date: Wed, 22 Apr 2026 04:52 PM (IST)
ਕਾਂਗਰਸ ਮਹਿਲਾਵਾਂ ਦੇ ਰਾਖਵਾਂਕਰਨ ਦੇ ਸਮਰਥਨ ’ਚ : ਅਜੇ
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ : ਕਾਂਗਰਸ ਪਾਰਟੀ ਦਫ਼ਤਰ ਬਲਾਚੌਰ ਵਿਖੇ ਕੇਪੀ ਰਾਣਾ ਸਾਬਕਾ ਸਪੀਕਰ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਵੱਲੋਂ ਉਨ੍ਹਾਂ ਦੀ ਅਗਵਾਈ ਕੀਤੀ ਗਈ। ਸਾਬਕਾ ਸਪੀਕਰ ਕੇਪੀ ਰਾਣਾ ਨੇ ਕਿਹਾ ਕਿ ਭਾਜਪਾ ਇਕ ਝੂਠਾ ਬਿਆਨ ਫੈਲਾ ਰਹੀ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਔਰਤਾਂ ਵਿਰੋਧੀ“ ਹੈ ਤੇ ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਹਰਾ ਚੁੱਕੀ ਹੈ। ਇਹ ਸਰਾਸਰ ਝੂਠ ਹੈ, ਜਿਸਦਾ ਉਦੇਸ਼ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਮਹਿਲਾ ਰਾਖਵਾਂਕਰਨ ਬਿੱਲ ਪਹਿਲਾਂ ਹੀ 2023 ਵਿਚ ਸੰਸਦ ਦੁਆਰਾ ਸਰਬਸੰਮਤੀ ਨਾਲ ਪਾਸ ਕੀਤਾ ਜਾ ਚੁੱਕਾ ਸੀ। ਇਹ ਸੰਵਿਧਾਨਕ 131ਵਾਂ ਸੋਧ ਬਿੱਲ ਹੈ। ਜੋ ਅਸਲ ਵਿਚ ਮਹਿਲਾ ਰਾਖਵਾਂਕਰਨ ਦੇ ਬਹਾਨੇ ਭਾਰਤ ਭਰ ਵਿਚ ਸੰਸਦ ਤੇ ਰਾਜ ਵਿਧਾਨ ਸਭਾਵਾਂ ਵਿਚ ਸੀਟਾਂ ਦੀ ਗਿਣਤੀ ਵਧਾਉਣ ਤੇ ਸੀਮਾਬੰਦੀ ਕਰਨ ਦੀ ਕੋਸ਼ਿਸ਼ ਸੀ, ਜੋ ਲੋਕ ਸਭਾ ਵਿਚ ਅਸਫਲ ਰਿਹਾ ਹੈ।
ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਰਤ ਭਰ ਵਿਚ ਸੰਸਦ ਤੇ ਵਿਧਾਨ ਸਭਾਵਾਂ ਦੀ ਮੌਜੂਦਾ ਤਾਕਤ ਦੇ ਅਨੁਸਾਰ ਮਹਿਲਾ ਰਾਖਵਾਂਕਰਨ ਨੂੰ ਤੁਰੰਤ ਲਾਗੂ ਕਰਨ ਦੀ ਜ਼ੋਰਦਾਰ ਮੰਗ ਕਰਦੀ ਹੈ। ਅਸੀਂ ਮਹਿਲਾ ਰਾਖਵਾਂਕਰਨ ਨੂੰ ਸੀਮਾਬੰਦੀ ਨਾਲ ਜੋੜਨ ਤੇ ਲੋਕ ਸਭਾ ਸੀਟਾਂ ਦੀ ਗਿਣਤੀ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕਰਦੇ ਹਾਂ, ਜੋ ਛੋਟੇ ਰਾਜਾਂ ਨੂੰ ਗੰਭੀਰ ਨੁਕਸਾਨ ਵਿਚ ਪਾ ਦੇਵੇਗਾ ਤੇ ਦੇਸ਼ ਦੇ ਸੰਘੀ ਢਾਂਚੇ ਨੂੰ ਵਿਗਾੜ ਦੇਵੇਗਾ। ਇਹ ਸਪੱਸ਼ਟ ਹੈ ਕਿ ਭਾਜਪਾ ਜਾਣ-ਬੁੱਝ ਕੇ ਪ੍ਰਕਿਰਿਆ ਵਿਚ ਦੇਰੀ ਕਰਕੇ ਤੇ ਇਸ ਮੁੱਦੇ ਨੂੰ ਪ੍ਰਚਾਰ ਦੇ ਸਾਧਨ ਵਜੋਂ ਵਰਤ ਕੇ ਆਪਣੇ ਲੁਕਵੇਂ ਰਾਜਨੀਤਿਕ ਏਜੰਡੇ ਨੂੰ ਅੱਗੇ ਵਧਾ ਰਹੀ ਹੈ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਬਲਾਚੌਰ, ਅਸ਼ਵਨੀ ਸ਼ਰਮਾ ਜ਼ਿਲ੍ਹਾ ਪ੍ਰਧਾਨ ਰੋਪੜ, ਅੰਗਦ ਸੈਣੀ ਸਾਬਕਾ ਵਿਧਾਇਕ, ਮੀਨਾ ਸੂੰਢ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਬੀਸੀ ਸੈੱਲ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਸਰਬਜੀਤ ਸਿੰਘ ਬਲਾਕ ਪ੍ਰਧਾਨ ਨਵਾਂਸ਼ਹਿਰ ਪੇਂਡੂ, ਧਰਮਪਾਲ ਚੇਅਰਮੈਨ, ਹਰਜੀਤ ਜਾਡਲੀ ਮੀਤ ਪ੍ਰਧਾਨ ਤੇ ਸਮੂਹ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।