ਸੰਵੇਦਨਸ਼ੀਲਤਾ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
Publish Date: Thu, 12 Feb 2026 04:29 PM (IST)
Updated Date: Fri, 13 Feb 2026 04:03 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਐੱਲਐੱਮ ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਸੋਸ਼ਲ ਸਾਇੰਸਿਜ਼ ਫੋਰਮ ਦੀ ਇੰਚਾਰਜ ਡਾ. ਰੂਬੀ ਬਾਲਾ ਵੱਲੋਂ ਇੱਕ ਦਿਨਾ ਸੰਵੇਦਨਸ਼ੀਲਤਾ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਨੂੰ ਬੱਚਿਆਂ ਦੀ ਸੁਰੱਖਿਆ, ਅਧਿਕਾਰਾਂ ਤੇ ਮਾਨਸਿਕ ਸਿਹਤ ਸਬੰਧੀ ਕਾਨੂੰਨਾਂ ਤੇ ਜਾਗਰੂਕਤਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਖੇਤਰਾਂ ਦੇ 4 ਵਿਸ਼ੇਸ਼ਗਿਆਨਾਂ ਨੇ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਵਕਤਾ ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਜੂਵੈਨਾਈਲ ਜਸਟਿਸ ਐਕਟ 2021 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਬੱਚਿਆਂ ਦੀ ਦੇਖਭਾਲ ਤੇ ਸੁਰੱਖਿਆ ਸੰਬੰਧੀ ਕਾਨੂੰਨੀ ਪ੍ਰਾਵਧਾਨਾਂ ਨੂੰ ਸਮਝਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੂਵੈਨਾਈਲ ਪੁਲਿਸ ਯੂਨਿਟ, ਚਾਈਲਡ ਵੈੱਲਫੇਅਰ ਪੁਲਿਸ ਅਫਸਰ ਤੇ ਸੰਸ਼ੋਧਨ ਐਕਟ 2021 ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਕਤਾ ਗੌਰਵ ਸ਼ਰਮਾ ਚਾਈਲਡ ਪ੍ਰੋਟੈਕਸ਼ਨ ਅਫਸਰ ਨੇ ਪੋਕਸੋ ਐਕਟ 2012 ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਯੌਨ ਸ਼ੋਸ਼ਣ ਤੋਂ ਬਚਾਉਣ ਲਈ ਬਣੇ ਕਾਨੂੰਨਾਂ ਤੇ ਸ਼ਿਕਾਇਤ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਯੌਨ ਉਤਪੀੜਨ, ਅਸ਼ਲੀਲ/ ਅਪਮਾਨਜਨਕ ਸ਼ਬਦਾਂ ਦੀ ਵਰਤੋਂ, ਗਲਤ ਇਸ਼ਾਰੇ, ਗੁੱਡ ਟੱਚ ਤੇ ਬੈਡ ਟੱਚ, ਪੋਕਸੋ ਐਕਟ, ਧਾਰਾ 8 ਤੇ ਧਾਰਾ 6 ਬਾਰੇ ਜਾਣਕਾਰੀ ਦਿੱਤੀ ਤੇ ਬੱਚਿਆਂ ਲਈ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਵੀ ਜਾਗਰੂਕ ਕੀਤਾ। ਵਕਤਾ ਸੋਨੀਆ ਅੰਗਰਿਸ਼ ਚੇਅਰਪਰਸਨ ਚਾਈਲਡ ਵੈੱਲਫੇਅਰ ਕਮੇਟੀ ਨੇ ਬੱਚਿਆਂ ਦੇ ਅਧਿਕਾਰਾਂ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰ ਬੱਚੇ ਨੂੰ ਸੁਰੱਖਿਆ, ਸਿੱਖਿਆ ਤੇ ਸਨਮਾਨਪੂਰਵਕ ਜੀਵਨ ਜਿਉਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਅਧਿਕਾਰ ਉਹ ਮੂਲ ਹੱਕ ਹਨ ਜੋ ਹਰ ਬੱਚੇ ਨੂੰ ਜਨਮ ਤੋਂ ਪ੍ਰਾਪਤ ਹੁੰਦੇ ਹਨ। ਇਹ ਅਧਿਕਾਰ ਸੰਯੁਕਤ ਰਾਸ਼ਟਰ ਬਾਲ ਅਧਿਕਾਰ ਕਨਵੈਨਸ਼ਨ ਅਤੇ ਭਾਰਤੀ ਕਾਨੂੰਨਾਂ ਅਧੀਨ ਸੁਰੱਖਿਅਤ ਹਨ। ਜੀਵਨ ਦਾ ਅਧਿਕਾਰ–ਹਰ ਬੱਚੇ ਨੂੰ ਜਿਊਣ, ਪਾਲਣ-ਪੋਸ਼ਣ ਤੇ ਸੁਰੱਖਿਅਤ ਵਾਤਾਵਰਣ ’ਚ ਵਧਣ ਦਾ ਹੱਕ ਹੈ। ਸਿੱਖਿਆ ਦਾ ਅਧਿਕਾਰ–ਹਰ ਬੱਚੇ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਪ੍ਰਾਪਤ ਕਰਨ ਦਾ ਹੱਕ ਹੈ। ਸੁਰੱਖਿਆ ਦਾ ਅਧਿਕਾਰ–ਬੱਚਿਆਂ ਨੂੰ ਹਿੰਸਾ, ਸ਼ੋਸ਼ਣ, ਨਸ਼ਿਆਂ ਤੇ ਦੁਰਵਿਵਹਾਰ ਤੋਂ ਬਚਾਉਣਾ ਸਮਾਜ ਦੀ ਜ਼ਿੰਮੇਵਾਰੀ ਹੈ। ਭਾਗੀਦਾਰੀ ਦਾ ਅਧਿਕਾਰ–ਬੱਚਿਆਂ ਨੂੰ ਆਪਣੀ ਰਾਇ ਪ੍ਰਗਟ ਕਰਨ ਤੇ ਆਪਣੇ ਨਾਲ ਸਬੰਧਤ ਮਾਮਲਿਆਂ ’ਚ ਸੁਣੇ ਜਾਣ ਦਾ ਹੱਕ ਹੈ। ਵਿਕਾਸ ਦਾ ਅਧਿਕਾਰ–ਸਿਹਤ, ਪੋਸ਼ਣ, ਖੇਡ-ਕੂਦ ਤੇ ਸੰਸਕਾਰਿਕ ਗਤੀਵਿਧੀਆਂ ਰਾਹੀਂ ਪੂਰਨ ਵਿਕਾਸ ਦਾ ਹੱਕ। ਅੰਤ ’ਚ ਕਾਲਜ ਪ੍ਰਸ਼ਾਸਨ ਵੱਲੋਂ ਸਭ ਵਕਤਾਵਾਂ ਦਾ ਧੰਨਵਾਦ ਕੀਤਾ ਅਤੇ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਭਵਿੱਖ ਵਿਚ ਵੀ ਕਰਵਾਉਣ ਦਾ ਭਰੋਸਾ ਦਿੱਤਾ।