ਸੜਕਾਂ ਤੇ ਚੌਕਾ ’ਚ ਜਾਮ ਲਾਉਣ ’ਤੇ ਮੁਕੰਮਲ ਪਾਬੰਦੀ
ਜ਼ਿਲ੍ਹੇ ਅੰਦਰ ਸੜ੍ਹਕਾਂ ਅਤੇ ਚੌਕਾ 'ਚ ਜਾਮ ਲਗਾਉਣ 'ਤੇ ਮੁਕੰਮਲ ਪਾਬੰਦੀ
Publish Date: Tue, 10 Mar 2026 07:43 PM (IST)
Updated Date: Wed, 11 Mar 2026 04:13 AM (IST)

ਰੋਸ ਧਰਨਿਆਂ ਲਈ ਨਵਾਂਸ਼ਹਿਰ, ਬੰਗਾ ਤੇ ਬਲਾਚੌਰ ਚ ਥਾਵਾਂ ਨਿਰਧਾਰਿਤ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਯੂਨੀਅਨ, ਜਥੇਬੰਦੀ ਵੱਲੋਂ ਸੜਕਾਂ ਤੇ ਚੌਕਾਂ ਵਿਚ ਟ੍ਰੈਫਿਕ ਜਾਮ ਲਗਾਉਣ ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਵਿਚ ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਰੋਸ ਪ੍ਰਦਰਸ਼ਨ ਤੇ ਮੁਜ਼ਾਹਰੇ ਦੌਰਾਨ ਮੁੱਖ ਮਾਰਗ ਤੇ ਰਸਤਾ ਰੋਕ ਕੇ ਧਰਨੇ ਆਦਿ ਲਾਉਣ ਕਾਰਨ ਚੰਡੀਗੜ੍ਹ-ਜਲੰਧਰ-ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਡਾਢੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਮਰੀਜ਼ਾਂ ਨੂੰ ਹੰਗਾਮੀ ਹਾਲਤ ਵਿਚ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਨੂੰ ਰਸਤਾ ਨਾ ਮਿਲਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਹੁੰਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਰੋਸ ਧਰਨਿਆਂ ਵਾਸਤੇ ਜ਼ਿਲ੍ਹੇ ਦੀਆਂ ਤਿੰਨਾਂ ਸਬ-ਡਵੀਜ਼ਨਾਂ ਵਿਚ ਸਥਾਨ ਨਿਰਧਾਰਿਤ ਕੀਤੇ ਗਏ ਹਨ ਅਤੇ ਕੋਈ ਵੀ ਜਥੇਬੰਦੀ ਤੇ ਯੂਨੀਅਨ ਇਨ੍ਹਾਂ ਸਥਾਨਾਂ ਤੇ ਸਥਾਨਕ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਰੋਸ ਪ੍ਰਦਰਸ਼ਨ ਨਹੀਂ ਕਰ ਸਕੇਗੀ। ਇਨ੍ਹਾਂ ਥਾਵਾਂ ਵਿਚ ਸਬ-ਡਵੀਜ਼ਨ ਨਵਾਂਸ਼ਹਿਰ ਵਿਚ ਦੁਸਹਿਰਾ ਗਰਾਊਂਡ ਨਵਾਂਸ਼ਹਿਰ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਪਿੰਡ ਗੁਜਰਪੁਰ ਕਲਾਂ ਦਾ ਲਗਭਗ 40 ਕਨਾਲ ਰਕਬਾ ਨੇੜੇ ਰੇਲਵੇ ਫਾਟਕ ਬੰਗਾ ਰੋਡ ਨਵਾਂਸ਼ਹਿਰ, ਸਬ ਡਵੀਜ਼ਨ ਬੰਗਾ ਵਿਚ ਪੰਚਾਇਤੀ ਰਕਬਾ, ਗ੍ਰਾਮ ਪੰਚਾਇਤ ਪਿੰਡ ਪੂਨੀਆ ਅਤੇ ਸਬ-ਡਵੀਜ਼ਨ ਬਲਾਚੌਰ ਵਿਖੇ ਮਿਊਂਸਪਲ ਖੇਡ ਮੈਦਾਨ ਨਜ਼ਦੀਕ ਸਿਵਲ ਹਸਪਤਾਲ ਜਗਤਪੁਰ ਰੋਡ ਸਿਆਣਾ ਨਿਰਧਾਰਿਤ ਕੀਤੀਆਂ ਗਈਆਂ ਹਨ। ਨਿਰਧਾਰਤ ਥਾਵਾਂ ਤੇ ਮਨਜ਼ੂਰੀ ਲੈਣ ਉਪਰੰਤ ਲਾਊਡ ਸਪੀਕਰ ਦੀ ਮਨਜ਼ੂਰੀ ਸੰਬੰਧਤ ਐਸਡੀਐਮ ਪਾਸੋਂ ਲੈਣੀ ਜ਼ਰੂਰੀ ਹੋਵੇਗੀ। ਹੁਕਮਾਂ ਅਨੁਸਾਰ ਨਵਾਂਸ਼ਹਿਰ ਵਿਖੇ ਚੰਡੀਗੜ੍ਹ ਚੌਂਕ, ਬੱਸ ਅੱਡਾ ਚੌਂਕ ਅਤੇ ਨਹਿਰੂ ਗੇਟ ਵਿਖੇ ਕਿਸੇ ਵੀ ਤਰ੍ਹਾਂ ਦਾ ਧਰਨਾ ਤੇ ਆਵਾਜਾਈ ਵਿਚ ਵਿਘਨ ਪਾਉਣ ਦੀ ਵੀ ਮਨਾਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਤਹਿਸੀਲ ਕੰਪਲੈਕਸਾਂ, ਐੱਸਡੀਐੱਮ ਕੰਪਲੈਕਸਾਂ ਅਤੇ ਡੀਏਸੀ ਕੰਪਲੈਕਸ ਵਿਚ ਵੀ ਅਜਿਹੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ, ਧਰਨੇ ਲਾਉਣ ਜਾਂ ਲਾਊਡ ਸਪੀਕਰ ਵਜਾਉਣ ਤੇ ਵੀ ਮੁਕੰਮਲ ਪਾਬੰਦੀ ਲਾਈ ਹੈ। ਨਿਰਧਾਰਿਤ ਸਥਾਨਾਂ ਤੋਂ ਇਲਾਵਾ ਹੋਰ ਕਿਸੇ ਵੀ ਥਾਂ ਜਾਂ ਸੜਕ ਤੇ ਰੋਸ ਧਰਨਾ ਤੇ ਪ੍ਰਦਰਸ਼ਨ ਕਰਨ ਤੇ ਪਾਬੰਦੀ ਹੋਵੇਗੀ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਹੁਕਮ 2 ਮਈ ਤੱਕ ਲਾਗੂ ਰਹਿਣਗੇ।