10 ਲੱਖ ਦੇ ਬੀਮੇ ’ਤੇ ‘ਆਪ’ ਪਰਚੀ ਸਿਸਟਮ ਦਾ ਪਹਿਰਾ : ਮੰਗੂਪੁਰ
ਮੁੱਖ ਮੰਤਰੀ ਸਿਹਤ ਯੋਜਨਾ ਜਾਂ ਸਿਆਸੀ ਸਕੀਮ ?
Publish Date: Sat, 24 Jan 2026 07:16 PM (IST)
Updated Date: Sun, 25 Jan 2026 04:19 AM (IST)

ਮੁੱਖ ਮੰਤਰੀ ਸਿਹਤ ਯੋਜਨਾ ਜਾਂ ਸਿਆਸੀ ਸਕੀਮ ? ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਸ਼ੁਰੂਆਤ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ਸਿਰਫ ਆਮ ਆਦਮੀ ਪਾਰਟੀ ਵੱਲੋਂ ਆਪਣਿਆਂ ਨੂੰ ਫਾਇਦਾ ਪਹੁੰਚਾ ਰਹੀ ਹੈ, ਜਿਸ ਨਾਲ ਇਹ ਸਕੀਮ ਹੁਣ ਵਿਵਾਦਾਂ ਦੇ ਘੇਰੇ ਵਿਚ ਆਉਂਦੀ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲਾ ਪਿੰਡਾਂ ਦੇ ਕਾਮਨ ਸਰਵਿਸ ਸੈਂਟਰ ਤੋਂ ਸਾਹਮਣੇ ਆਈ ਹੈ, ਜਿੱਥੇ ਆਮ ਜਨਤਾ ਨੇ ਦੋਸ਼ ਲਾਇਆ ਹੈ ਕਿ ਸਿਹਤ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਿਆਸੀ ਰੰਗਤ ਦੇ ਦਿੱਤੀ ਜਾ ਰਹੀ ਹੈ। ਮੰਗੂਪੁਰ ਨੇ ਦੱਸਿਆ ਕਿ ਕਾਮਨ ਸਰਵਿਸ ਸੈਂਟਰਾਂ ਨੂੰ ਕਥਿਤ ਤੌਰ ’ਤੇ ਅਜਿਹੇ ਨਿਰਦੇਸ਼ ਦਿੱਤੇ ਗਏ ਹਨ ਕਿ ਲਾਭਪਾਤਰੀਆਂ ਦੇ ਕਾਰਡ ਕੇਵਲ ਤਾਂ ਹੀ ਬਣਾਏ ਜਾਣ ਜੇਕਰ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਦੇ ਕੋ-ਆਰਡੀਨੇਟਰਾਂ ਵੱਲੋਂ ਦਿੱਤੀ ਗਈ ਸਲਿੱਪ ਹੋਵੇਗੀ। ਲੋਕਾਂ ਦਾ ਸਵਾਲ ਹੈ ਕਿ ਜੇਕਰ ਇਹ ਸਕੀਮ ਸਾਰੇ ਪੰਜਾਬੀਆਂ ਲਈ ਹੈ ਤਾਂ ਵਿਚੋਲਗਿਰੀ ਲਈ ਪਾਰਟੀ ਵਰਕਰਾਂ ਨੂੰ ਕਿਉਂ ਰੱਖਿਆ ਗਿਆ ਹੈ? ਕੀ ਸਰਕਾਰੀ ਸੈਂਟਰਾਂ ’ਚ ਆਮ ਨਾਗਰਿਕ ਸਿੱਧਾ ਜਾ ਕੇ ਆਪਣਾ ਹੱਕ ਨਹੀਂ ਲੈ ਸਕਦੈ? ਕੀ ਇਹ ਸਿਰਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਖੁਸ਼ ਕਰਨ ਦੀ ਸਕੀਮ ਹੈ? ਇਹ ਮੁੱਦਾ ਚੁੱਕਦਿਆਂ ਮੰਗੂਪੁਰ ਨੇ ਕਿਹਾ ਕਿ ਜੇਕਰ ਸਰਕਾਰ ਵਾਕਈ ਲੋਕਾਂ ਦਾ ਭਲਾ ਚਾਹੁੰਦੀ ਹੈ ਤਾਂ ਸਰਵਿਸ ਸੈਂਟਰਾਂ ਨੂੰ ਖੁੱਲ੍ਹ ਦਿੱਤੀ ਜਾਵੇ ਕਿ ਉਹ ਹਰ ਉਸ ਵਿਅਕਤੀ ਦਾ ਕਾਰਡ ਬਣਾਉਣ, ਜੋ ਪੰਜਾਬ ਦਾ ਵਸਨੀਕ ਹੈ। ਪੱਖਪਾਤੀ ਵਤੀਰੇ ਕਾਰਨ ਨਾ ਸਿਰਫ਼ ਆਮ ਲੋਕਾਂ ’ਚ ਰੋਸ ਹੈ ਸਗੋਂ ਸਰਕਾਰ ਦੇ ਬਦਲਾਅ ਦੇ ਦਾਅਵਿਆਂ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਮੰਗੂਪੁਰ ਵੱਲੋਂ ਇਸ ਸਕੀਮ ਨੂੰ ਸਿਰਫ ਲੋਕਾਂ ਨੂੰ ਭਰਮਾਉਣ ਲਈ ਵੋਟਾਂ ਤੋਂ ਪਹਿਲਾਂ ਖੇਡਿਆ ਜਾਣ ਵਾਲਾ ਇੱਕ ਪ੍ਰੋਪਗੰਡਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ। ਉਹ ਹੁਣ ਇਨ੍ਹਾਂ ਲਾਰਿਆਂ ’ਚ ਆਉਣ ਵਾਲੇ ਨਹੀਂ। ‘ਆਪ’ ਸਰਕਾਰ ਇਸ ਸਕੀਮ ਦੀ ਸਿਰਫ ਲੋਕ ਹਿੱਤ ਲਈ ਵਰਤੋਂ ਕਰੇ। ਇਸ ਮੌਕੇ ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਜਿੰਦਰ ਕੁਮਾਰ ਪ੍ਰਧਾਨ ਐੱਸਸੀ ਸੈੱਲ ਬਲਾਚੌਰ ਹਾਜ਼ਰ ਸਨ।