ਬਾਲ ਭਿੱਖਿਆ ’ਚ ਲੱਗੇ ਬੱਚਿਆਂ ਦੀ ਚੈਕਿੰਗ ਜਾਰੀ
ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਬਾਲ ਭਿਖਿਆ ਵਿਚ ਲੱਗੇ ਬੱਚਿਆਂ ਦੀ ਚੈਕਿੰਗ ਜਾਰੀ
Publish Date: Sun, 11 Jan 2026 04:01 PM (IST)
Updated Date: Mon, 12 Jan 2026 04:01 AM (IST)

ਮਾਂ ਪਿਓ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋ ਪ੍ਰਾਪਤ ਹਦਾਇਤਾਂ ਅਨੁਸਾਰ ਬਾਲ ਭਿੱਖਿਆ ਖਿਲਾਫ ਪ੍ਰੋਜੈਕਟ ਜੀਵਨ ਜੋਤ 2.0 ਨੂੰ ਸਖ਼ਤਾਈ ਨਾਲ ਲਾਗੂ ਕਰਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਜ਼ਿਲ੍ਹੇ ’ਚ ਜ਼ਿਲ੍ਹਾ ਟਾਸਕ ਫੋਰਸ ਨੇ ਬੱਸ ਸਟੈਂਡ ਰੋਡ, ਗੜ੍ਹਸ਼ੰਕਰ ਰੋਡ ਤੇ ਬੰਗਾ ਰੋਡ ਤੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਚੈਕਿੰਗ ਟੀਮ ਨੂੰ ਕੁੱਲ ਇਕ ਬੱਚਾ (ਉਮਰ ਤਕਰੀਬਨ 2 ਸਾਲ) ਰੇਸਕਿਊ ਕਰ ਕੇ ਬਾਲ ਭਲਾਈ ਕਮੇਟੀ ਅੱਗੇ ਅਗਲੇਰੀ ਕਾਰਵਾਈ ਹਿੱਤ ਪੇਸ਼ ਕੀਤਾ ਗਿਆ ਹੈ ਤਾਂ ਕਿ ਬੱਚੇ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ। ਬੱਚੇ ਦੀ ਮਾਤਾ ਵੱਲੋਂ ਬੱਚਿਆਂ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਨਹੀਂ ਦਿਖਾਏ ਗਏ ਹਨ। ਇਸ ਲਈ ਬੱਚੇ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਅਗਲੇਰੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ ਆਮ ਜਨਤਾ ਨੂੰ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਤੇ ਮਜ਼ਦੂਰੀ ਨਾ ਕਰਵਾਉਣ ਅਤੇ ਜੇ ਕੋਈ ਬੱਚਾ ਬਾਲ ਭਿੱਖਿਆ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਬਾਲ ਸੁਰੱਖਿਆ ਯੂਨਿਟ ਨੂੰ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਸੂਚਿਤ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਸਕੂਲ ’ਚ ਦਾਖਲ ਕਰਵਾਇਆ ਜਾ ਸਕੇ ਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਸਕੇ। ਇਸ ਮੌਕੇ ਮੌਜੂਦ ਬਾਲ ਸੁਰੱਖਿਆ ਅਫਸਰ (ਆਈਸੀ) ਗੌਰਵ ਸ਼ਰਮਾ ਵੱਲੋਂ ਦੁਕਾਨਦਾਰਾਂ ਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਤੌਰ ’ਤੇ ਅਪਰਾਧ ਹੈ। ਬਾਲ ਭਿੱਖਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਬੱਚਿਆਂ ਤੇ ਉਨ੍ਹਾਂ ਦੇ ਮਾਂ-ਪਿਓ ਦੀ ਕਾਉਂਸਲਿੰਗ ਕੀਤੀ ਜਾਣੀ ਬਣਦੀ ਹੈ ਤਾਂ ਜੋ ਬੱਚਿਆਂ ਦੇ ਮਾਂ-ਪਿਓ ਬੱਚਿਆਂ ਤੋ ਭੀਖ ਮੰਗਵਾਉਣ ਦੀ ਬਜਾਏ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਹੋ ਸਕੇ। ਕੰਚਨ ਅਰੋੜਾ ਨੇ ਕਿਹਾ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ਤੇ ਜ਼ੁਵੇਨਾਈਲ ਜਸਟਿਸ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਪੀਲ ਕੀਤੀ ਕਿ ਬੱਚਿਆਂ ਨਾਲ ਸੰਬਧਤ ਕਿਸੇ ਤਰ੍ਹਾਂ ਦੀ ਜਾਣਕਾਰੀ ਡੀਸੀ ਦਫਤਰ ਜਾਂ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਦਿੱਤੀ ਜਾਵੇ। ਚੈਕਿੰਗ ਟੀਮ ’ਚ ਬਾਲ ਸੁਰੱਖਿਆ ਅਫਸਰ ਗੌਰਵ ਸ਼ਰਮਾ (ਸੀਪੀਓ), ਰਹਿੰਦਰ ਕੌਰ ਸੀਪੀਓ, ਸੰਤੋਸ਼ ਡੀਈਓ, ਸੀਡੀਪੀਓ ਦਫਤਰ ਤੋਂ ਹਰਭਜਨ ਕੌਰ ਸੁਪਰਵਾਈਜ਼ਰ ਤੇ ਸੁਪਰਵਾਈਸਰ ਕਮਲੇਸ਼ ਕੁਮਾਰੀ, ਸਿੱਖਿਆ ਵਿਭਾਗ ਤੋਂ ਸੁਖਵਿੰਦਰ ਸਿੰਘ, ਪੁਲਿਸ ਵਿਭਾਗ ਤੋਂ ਹੈੱਡ ਕਾਂਸਟੇਬਲ ਨੇਹਾ ਕੁਮਾਰੀ ਤੇ ਮੁਕੇਸ਼ ਵੀ ਮੌਜੂਦ ਸਨ।