ਸਿਹਤਮੰਦ ਤੇ ਸਸ਼ਕਤ ਔਰਤ ਹੀ ਮਜ਼ਬੂਤ ਪਰਿਵਾਰ ਤੇ ਤਰੱਕੀਸ਼ੀਲ ਸਮਾਜ ਦੀ ਨੀਂਹ
ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਸ਼ਕਤੀ ਅਤੇ ਪ੍ਰੇਰਣਾ ਦਾ ਜਸ਼ਨ ਮਨਾਇਆ
Publish Date: Sun, 08 Mar 2026 05:13 PM (IST)
Updated Date: Mon, 09 Mar 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ’ਚ ‘ਨਾਰੀ ਦਿਵਸ’ ਬੜੇ ਉਤਸ਼ਾਹ ਅਤੇ ਗੌਰਵ ਨਾਲ ਮਨਾਇਆ। ਪ੍ਰਿੰ. ਨੀਨਾ ਭਾਰਦਵਾਜ ਵੱਲੋਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸਟਾਫ ਮੈਂਬਰਾਂ ਵੱਲੋਂ ਪ੍ਰੇਰਣਾਦਾਇਕ ਭਾਸ਼ਣ ਅਤੇ ਰਚਨਾਤਮਕ ਪੇਸ਼ਕਾਰੀਆਂ ਕੀਤੀਆਂ ਗਈਆਂ। ਅੰਗਰੇਜੀ ਵਿਭਾਗ ਦੇ ਰੋਹੀਨਾ ਅਤੇ ਹਿੰਦੀ ਵਿਭਾਗ ਦੇ ਸੁਮਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਮਾਜ ਵਿਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਹਿੰਮਤ, ਸਮਰਪਣ ਅਤੇ ਸੰਵੇਦਨਸ਼ੀਲਤਾ ਪਰਿਵਾਰ, ਸਮਾਜ ਤੇ ਕੰਮਕਾਜ ਦੇ ਹਰ ਖੇਤਰ ’ਚ ਤਰੱਕੀ ਅਤੇ ਸੰਤੁਲਨ ਲਿਆਉਂਦੀ ਹੈ। ਰਸਾਇਣ ਵਿਗਿਆਨ ਵਿਭਾਗ ਦੀ ਸਿਮਰਨਪ੍ਰੀਤ ਕੌਰ ਰੱਤੂ ਨੇ ਵੀ ਇੱਕ ਵਿਲੱਖਣ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਰਸਾਇਣਕ ਸਮੀਕਰਨਾਂ ਨੂੰ ਸਿੱਖਿਆ ਦੇ ਸਿਧਾਂਤਾਂ ਨਾਲ ਜੋੜਦਿਆਂ ਦੱਸਿਆ ਕਿ ਜਿਵੇਂ ਤੱਤ ਸੰਤੁਲਨ ’ਚ ਮਿਲ ਕੇ ਇੱਕ ਨਵਾਂ ਯੋਗਿਕ ਬਣਾਉਂਦੇ ਹਨ। ਉਸੇ ਤਰ੍ਹਾਂ ਅਧਿਆਪਕ ਤੇ ਵਿਦਿਆਰਥੀ ਮਿਲ ਕੇ ਗਿਆਨ ਤੇ ਵਿਕਾਸ ਦੀ ਨਵੀਂ ਦਿਸ਼ਾ ਤਿਆਰ ਕਰਦੇ ਹਨ। ਸੀਨੀਅਰ ਕੋ-ਆਰਡੀਨੇਟਰ ਮਹਿਕ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵਿਦਿਆਰਥੀਆਂ ’ਚ, ਖ਼ਾਸ ਕਰ ਕੇ ਕੁੜੀਆਂ ’ਚ ਆਤਮ-ਵਿਸ਼ਵਾਸ ਅਤੇ ਸੁਤੰਤਰਤਾ ਦੀ ਭਾਵਨਾ ਪੈਦਾ ਕਰਨ। ਉਨ੍ਹਾਂ ਕਿਹਾ ਕਿ ਸਕੂਲ ਸਿਰਫ਼ ਸਿੱਖਿਆ ਹੀ ਨਹੀਂ ਦਿੰਦੇ, ਸਗੋਂ ਇੱਕ ਮਜ਼ਬੂਤ ਤੇ ਜ਼ਿੰਮੇਵਾਰ ਸਮਾਜ ਦੀ ਨੀਂਹ ਵੀ ਰੱਖਦੇ ਹਨ। ਪ੍ਰੋਗਰਾਮ ਦਾ ਸਭ ਤੋਂ ਭਾਵੁਕ ਪਲ ਉਸ ਵੇਲੇ ਆਇਆ ਜਦੋਂ ਪੰਜਾਬੀ ਵਿਭਾਗ ਤੋਂ ਮਨੀਸ਼ਾ ਨੇ ਨਾਰੀ ਸ਼ਕਤੀ ਤੇ ਆਧਾਰਿਤ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਵਿਤਾ ਪੜ੍ਹੀ। ਕਵਿਤਾ ’ਚ ਔਰਤ ਦੇ ਵੱਖ-ਵੱਖ ਰੂਪਾਂ-ਮਾਂ, ਅਧਿਆਪਕਾ, ਮਾਰਗਦਰਸ਼ਕ ਤੇ ਪ੍ਰੇਰਣਾ ਦੇ ਸਰੋਤ-ਦਾ ਸੁੰਦਰ ਵਰਣਨ ਸੀ। ਇਸ ਕਵਿਤਾ ਨੇ ਇਹ ਸੰਦੇਸ਼ ਦਿੱਤਾ ਕਿ ਔਰਤ ਆਪਣੀ ਸਹਿਣਸ਼ੀਲਤਾ, ਮਮਤਾ ਤੇ ਦ੍ਰਿੜ ਨਿਸ਼ਚੈ ਨਾਲ ਹਰ ਚੁਣੌਤੀ ਨੂੰ ਮੌਕੇ ’ਚ ਬਦਲ ਸਕਦੀ ਹੈ। ਇਸ ਤੋਂ ਬਾਅਦ ਸੰਗੀਤ ਵਿਭਾਗ ਦੇ ਦਵਿੰਦਰ ਨੇ ਔਰਤਾਂ ਨੂੰ ਸਮਰਪਿਤ ਇੱਕ ਸੁਰੀਲਾ ਗੀਤ ਪੇਸ਼ ਕਰ ਕੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਬਾਕਸ-- ਔਰਤਾਂ ਦੀ ਸਿਹਤ, ਆਦਰ ਤੇ ਸਮੂਹਕ ਭਲਾਈ ਦਾ ਖਾਸ ਧਿਆਨ ਰੱਖਣਾ ਜ਼ਰੂਰੀ : ਪ੍ਰਿੰਸੀਪਲ ਪ੍ਰਿੰ. ਨੀਨਾ ਭਾਰਦਵਾਜ ਨੇ ਕਿਹਾ ਕਿ ਔਰਤਾਂ ਦਾ ਸਸ਼ਕਤੀਕਰਨ ਤਦੋਂ ਹੀ ਸੰਭਵ ਹੈ, ਜਦੋਂ ਉਨ੍ਹਾਂ ਦੇ ਸਿਹਤ, ਆਦਰ ਤੇ ਸਮੂਹਕ ਭਲਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਔਰਤਾਂ ਕਿਸੇ ਵੀ ਸਮਾਜ ਦੀ ਤਰੱਕੀ ਤੇ ਵਿਕਾਸ ਦਾ ਕੇਂਦਰ ਬਿੰਦੂ ਹੁੰਦੀਆਂ ਹਨ, ਜਦੋਂ ਔਰਤਾਂ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੁੰਦੀਆਂ ਹਨ ਤਾਂ ਉਹ ਪਰਿਵਾਰ, ਬੱਚਿਆਂ ਤੇ ਸਮਾਜ ਦੇ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਇਸ ਲਈ ਔਰਤਾਂ ਦੀ ਸਿਹਤ ਅਤੇ ਖੁਸ਼ਹਾਲੀ ਦੀ ਸੰਭਾਲ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਾਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਤੇ ਸਸ਼ਕਤ ਔਰਤ ਹੀ ਮਜ਼ਬੂਤ ਪਰਿਵਾਰ ਤੇ ਤਰੱਕੀਸ਼ੀਲ ਸਮਾਜ ਦੀ ਨੀਂਹ ਹੁੰਦੀ ਹੈ, ਜਦੋਂ ਅਸੀਂ ਔਰਤਾਂ ਦੀ ਸਿਹਤ, ਸਿੱਖਿਆ ਤੇ ਸਨਮਾਨ ’ਚ ਨਿਵੇਸ਼ ਕਰਦੇ ਹਾਂ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਦੀ ਨੀਂਹ ਰੱਖਦੇ ਹਾਂ।