ਰੇਲਵੇ ਕਰਮਚਾਰੀਆਂ ਲਈ ਕੈਸ਼ਲੈੱਸ ਇਲਾਜ ਦੀ ਸਹੂਲਤ ਸ਼ੁਰੂ : ਢਾਹਾਂ
ਰੇਲਵੇ ਕਰਮਚਾਰੀਆਂ ਲਈ ਕੈਸ਼ਲੈੱਸ ਇਲਾਜ ਦੀ ਸਹੂਲਤ ਸ਼ੁਰੂ-ਕੁਲਵਿੰਦਰ ਸਿੰਘ ਢਾਹਾਂ
Publish Date: Thu, 02 Apr 2026 04:23 PM (IST)
Updated Date: Fri, 03 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ ਹੋ ਗਈ ਹੈ। ਹਸਪਤਾਲ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਕੈਸ਼ਲੈੱਸ ਇਲਾਜ ਸੇਵਾ ਸਕੀਮ ਅਧੀਨ ਉੱਤਰ ਭਾਰਤੀ ਰੇਲਵੇ ਦੇ ਕਰਮਚਾਰੀ ਹੁਣ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣਾ ਕੈਸ਼ਲੈਸ ਇਲਾਜ ਕਰਵਾ ਸਕਣਗੇ। ਇਸ ਨਾਲ ਮਰੀਜ਼ ਨੂੰ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਨਕਦ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ ਤੇ ਮਰੀਜ਼ ਦੇ ਇਲਾਜ ਦਾ ਭੁਗਤਾਨ ਭਾਰਤੀ ਰੇਲਵੇ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਪ੍ਰਮੁੱਖ ਹਸਪਤਾਲ ਹੈ, ਜੋ ਅਤਿ-ਆਧੁਨਿਕ ਮੈਡੀਕਲ ਯੰਤਰਾਂ, ਐਮਰਜੈਂਸੀ ਸੇਵਾਵਾਂ, ਟਰੋਮਾ ਸੈਂਟਰ ਅਤੇ ਆਈਸੀਯੂ ਸੁਵਿਧਾਵਾਂ ਨਾਲ ਲੈਸ ਹੈ। ਹਸਪਤਾਲ ਢਾਹਾਂ ਕਲੇਰਾਂ ਵਿਖੇ ਰੇਲਵੇ ਕਰਮਚਾਰੀਆਂ ਨੂੰ ਸੁਪਰ ਸਪੈਸ਼ਲਿਟੀ ਮੈਡੀਕਲ ਸੇਵਾਵਾਂ ਨਿਊਰੋਸਰਜਰੀ, ਯੂਰੋਲੋਜੀ, ਜਨਰਲ ਮੈਡੀਸਨ, ਜਨਰਲ ਤੇ ਲੈਪਰੋਸਕੋਪਿਕ ਸਰਜਰੀ, ਗਾਇਨੀਕੋਲੋਜੀ, ਆਰਥੋਪੈਡਿਕਸ, ਈ ਐਨ ਟੀ, ਡੈਂਟਲ, ਅੱਖਾਂ ਦਾ ਵਿਭਾਗ, ਬੱਚਿਆਂ ਦਾ ਵਿਭਾਗ, ਫਿਜ਼ੀਉਥੈਰਪੀ, ਆਈਸੀਯੂ ਤੇ ਕ੍ਰਿਟੀਕਲ ਕੇਅਰ, ਡਾਇਲਸਿਸ, ਪੈਥੋਲੋਜੀ ਤੋਂ ਇਲਾਵਾ ਰੇਡੀਓਲੋਜੀ ਡਾਇਗਨੌਸਟਿਕ ਅਤੇ ਇਮੇਜਿੰਗ ਸਹੂਲਤਾਂ ’ਚ ਐਕਸ-ਰੇ, ਅਲਟਰਾ ਸਾਊਂਡ ਸਕੈਨ, ਸੀਟੀ ਸਕੈਨ ਦੀਆਂ ਸੇਵਾਵਾਂ ਮਿਲਣਗੀਆਂ। ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਦਵਿੰਦਰ ਸਿੰਘ ਢਿੱਲੋ ਮੈਂਬਰ ਟਰੱਸਟ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਹੁਨਰਦੀਪ ਸਿੰਘ ਐਚਆਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੇਲਵੇ ਕਰਮਚਾਰੀਆਂ ਤੋਂ ਇਲਾਵਾ ਸਾਬਕਾ ਫੌਜੀਆਂ ਲਈ ਈਸੀਐਚਐਸ ਸਕੀਮ ਅਤੇ ਵੱਖ-ਵੱਖ ਮੈਡੀਕਲ ਇੰਸ਼ੋਰੈਂਸ ਕੰਪਨੀਆਂ ਦੇ ਲਾਭਪਾਤਰੀਆਂ ਲਈ ਵੀ ਕੈਸ਼ਲੈਸ ਇਲਾਜ ਸੇਵਾਵਾਂ ਚੱਲ ਰਹੀਆਂ ਹਨ।