ਕੇਅਰ ਕੰਪੈਨੀਅਨ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ
ਸਿਹਤ ਵਿਭਾਗ ਵੱਲੋਂ ਕਰਵਾਇਆ ਕੇਅਰ ਕੰਪੈਨੀਅਨ ਪ੍ਰੋਗਰਾਮ ਸਫ਼ਲਤਾ ਪੂਰਵਕ ਸੰਪੰਨ
Publish Date: Tue, 10 Feb 2026 06:07 PM (IST)
Updated Date: Wed, 11 Feb 2026 04:06 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕੇਅਰ ਕੰਪੈਨੀਅਨ ਪ੍ਰੋਗਰਾਮ ਨੂੰ ਕਮਿਊਨਿਟੀ ਹੈਲਥ ਸੈਂਟਰਾਂ ਤੱਕ ਵਿਸਥਾਰ ਦੇਣ ਲਈ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਟ੍ਰੇਨਿੰਗ ਆਫ਼ ਟ੍ਰੇਨਰਜ਼ ਪ੍ਰੋਗਰਾਮ ਸਫ਼ਲਤਾ ਪੂਰਵਕ ਸੰਪੰਨ ਹੋਇਆ ਜਿਸ ਵਿਚ ਸੀਐਚਸੀ ਸੜੋਆ ਅਤੇ ਸੀਐਚਸੀ ਰਾਹੋਂ ਤੋਂ ਸਟਾਫ਼ ਨਰਸਾਂ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰਜ਼ ਨੇ ਭਾਗ ਲਿਆ। ਟ੍ਰੇਨਿੰਗ ਦੌਰਾਨ ਕੇਅਰ ਕੰਪੈਨੀਅਨ ਪ੍ਰੋਗਰਾਮ ਦੇ ਉਦੇਸ਼ਾਂ ਅਤੇ ਸਿਹਤ ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਸਟਾਫ ਨਰਸਾਂ ਅਤੇ ਸਿਹਤ ਸੰਭਾਲ ਸਟਾਫ ਸੀਸੀਪੀ ਸੈਸ਼ਨਾਂ ਰਾਹੀਂ ਇਹ ਯਕੀਨੀ ਬਣਾ ਰਹੇ ਹਨ ਕਿ ਕੋਈ ਵੀ ਗਰਭਵਤੀ ਔਰਤ, ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਿਹਤ ਸਿੱਖਿਆ ਤੋਂ ਵਾਂਝੇ ਨਾ ਰਹਿਣ। ਪ੍ਰੋਗਰਾਮ ਦਾ ਵਿਸਥਾਰ ਮਾਂ ਅਤੇ ਬੱਚੇ ਦੀ ਸਿਹਤ ਤੋਂ ਇਲਾਵਾ ਮੈਡੀਕਲ ਅਤੇ ਸਰਜੀਕਲ ਇਨ-ਪੇਸ਼ੈਟ ਕੇਅਰ ਦੇ ਖੇਤਰ ਤੱਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਨੂੰ ਜ਼ਰੂਰੀ ਬੁਨਿਆਦੀ ਸਿਹਤ ਅਭਿਆਸਾਂ ਬਾਰੇ ਸਿੱਖਿਅਤ ਕਰਨ ਵਿਚ ਮਦਦ ਕਰਦਾ ਹੈ ਤਾਂ ਜੋ ਉਹ ਆਪਣੀ ਸਿਹਤ ਅਤੇ ਤੰਦਰੁਸਤੀ ਦਾ ਖੁਦ ਖਿਆਲ ਰੱਖ ਸਕਣ। ਟ੍ਰੇਨਿੰਗ ਨੂੰ ਮਾ. ਟ੍ਰੇਨਰ ਮੀਨਾਕਸ਼ੀ ਸ਼ਰਮਾ, ਸਟਾਫ਼ ਨਰਸ ਸੀਐੱਚਸੀ ਮੁਕੰਦਪੁਰ ਤੇ ਅਨੂੰ ਘਈ ਸਟਾਫ਼ ਨਰਸ ਸੀਐੱਚਸੀ ਬੰਗਾ ਨੇ ਸੰਚਾਲਿਤ ਕੀਤਾ। ਸਿਹਤ ਅਧਿਕਾਰੀਆਂ ਨੇ ਉਮੀਦ ਜਤਾਈ ਕਿ ਟ੍ਰੇਨਿੰਗ ਤੋਂ ਬਾਅਦ ਟ੍ਰੇਨਿੰਗ ਪ੍ਰਾਪਤ ਕਰਮਚਾਰੀ ਆਪਣੇ-ਆਪਣੇ ਸਿਹਤ ਕੇਂਦਰਾਂ ਵਿਚ ਕੇਅਰ ਕੰਪੈਨੀਅਨ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਗੇ ਜਿਸ ਨਾਲ ਮਰੀਜ਼ਾਂ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਬਿਹਤਰ ਅਤੇ ਮਨੁੱਖੀ ਸਿਹਤ ਸੇਵਾਵਾਂ ਮਿਲਣਗੀਆਂ।