ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ
ਕੇਨ ਕਮਿਸ਼ਨਰ ਪੰਜਾਬ ਵੱਲੋ ਖ਼ਾਦ ਵਿਕਰੇਤਾਵਾਂ ਅਤੇ ਪਲਾਈਵੁੱਡ ਇੰਡਸਟਰੀ ਦੀ ਅਚਨਚੇਤ ਚੈਕਿੰਗ
Publish Date: Thu, 16 Apr 2026 06:04 PM (IST)
Updated Date: Fri, 17 Apr 2026 04:13 AM (IST)

16ਐਨਐਸਆਰ15ਪੀ ਚੈਕਿੰਗ ਦੌਰਾਨ ਰਾਜ ਪੱਧਰੀ ਨਿਗਰਾਨ ਟੀਮ ਦੇ ਮੈਂਬਰ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਕਿਸਾਨਾਂ ਨੂੰ ਮਿਆਰੀ ਅਤੇ ਸਮੇਂ ਸਿਰ ਖੇਤੀ ਸਮਗਰੀ ਉਪਲਬਧ ਕਰਵਾਉਣ ਦੇ ਮੰਤਵ ਲਈ ਰਾਜ ਪੱਧਰੀ ਨਿਗਰਾਨ ਟੀਮਾਂ ਵੱਲੋਂ ਸਮੂਹ ਜ਼ਿਲ੍ਹਿਆਂ ਚ ਖਾਦ ਡੀਲਰਾਂ ਦੀਆਂ ਦੁਕਾਨਾਂ, ਗੋਦਾਮਾਂ ਤੇ ਪਲਾਈ ਵੁੱਡ ਉਦਯੋਗਿਕ ਇਕਾਈਆਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੁਹਿੰਮ ਤਹਿਤ ਜ਼ਿਲੇ ਅੰਦਰ ਰਾਜ ਪੱਧਰੀ ਟੀਮ ਵੱਲੋਂ ਬਹਿਰਾਮ, ਬੰਗਾ, ਮੁਕੰਦਪੁਰ, ਰਾਹੋ, ਨਵਾਂਸ਼ਹਿਰ ਅਤੇ ਬਲਾਚੌਰ ਵਿਚ ਖਾਦ ਵਿਕ੍ਰੇਤਾਵਾਂ ਦੇ ਗੁਦਾਮਾਂ ਦੀ ਚੈਕਿੰਗ ਕੀਤੀ ਅਤੇ ਸੈਂਪਲਿੰਗ ਕਰਵਾਈ ਗਈ। ਇਸ ਤੋਂ ਇਲਾਵਾ ਬਲਾਚੌਰ ’ਚ ਸਥਿਤ ਪਲਾਈਵੁਡ ਉਦਯੋਗਿਕ ਇਕਾਈਆਂ ਦੀ ਵੀ ਚੈਕਿੰਗ ਕੀਤੀ ਗਈ। ਇਸ ਟੀਮ ਵਿਚ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ, ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫ਼ਸਰ, ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਅਫਸਰ ਫਤਿਹਗੜ ਚੂੜੀਆ, ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ ਨਵਾਂਸ਼ਹਿਰ, ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬੰਗਾ, ਡਾ. ਪੰਕਜ ਸਿੰਘ ਖੇਤੀਬਾੜੀ ਅਫਸਰ ਬਲਾਚੌਰ, ਡਾ. ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇਨਫੋ), ਡਾ. ਕੁਲਦੀਪ ਸਿੰਘ, ਡਾ. ਮੋਨਿਕਾ, ਡਾ. ਜਗਮਨਦੀਪ ਕੌਰ ਸਾਰੇ ਖੇਤੀਬਾੜੀ ਵਿਕਾਸ ਅਫਸਰ ਸ਼ਾਮਿਲ ਸਨ। ਡਾ. ਅਮਰੀਕ ਸਿੰਘ ਨੇ ਇਸ ਮੌਕੇ ਦੱਸਿਆ ਕਿ ਪੰਜਾਬ ’ਚ ਲਗਾਤਾਰ ਯੂਰੀਆ ਖਾਦ ਦੀ ਵਰਤੋਂ ਵੱਧ ਰਹੀ ਹੈ ਅਤੇ ਵੇਖਣ ਵਿਚ ਆਇਆ ਹੈ ਕਿ ਸਬਸਿਡੀ ਵਾਲੀ ਯੂਰੀਆ ਖਾਦ ਦੀ ਵਰਤੋਂ ਫੀਡ ਅਤੇ ਪਲਾਈਵੁੱਡ ਇੰਡਸਟਰੀ ਵਿਚ ਸੰਭਵ ਹੈ, ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਦਯੋਗਿਕ ਇਕਾਈਆਂ ਵਿਚ ਯੂਰੀਆ ਖਾਦ ਦੀ ਵਰਤੋਂ ਨੂੰ ਰੋਕਣ ਸੰਬੰਧੀ ਪੂਰੇ ਪੰਜਾਬ ਵਿਚ ਚੈਕਿੰਗ ਕੀਤੀ ਜਾ ਰਹੀ ਹੈ।।ਉਨ੍ਹਾਂ ਸਮੂਹ ਖ਼ਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੀਓਐਸ ਮਸ਼ੀਨਾਂ ਵਿਚੋਂ ਸਟਾਕ ਕਲੀਅਰ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਲੋੜ ਅਨੁਸਾਰ ਹੀ ਖ਼ਾਦ ਦਿੱਤੀ ਜਾਵੇ ਅਤੇ ਫਾਲਤੂ ਖ਼ਾਦ ਦੀ ਵਿਕਰੀ ਬਿਲਕੁਲ ਨਾ ਕੀਤੀ ਜਾਵੇ।।ਜੇਕਰ ਕੋਈ ਵੀ ਖ਼ਾਦ ਵਿਕਰੇਤਾ ਯੂਰੀਆ ਖਾਦ ਫੀਡ ਅਤੇ ਪਲਾਈਵੁੱਡ ਇੰਡਸਟਰੀਆਂ ਨੂੰ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖੇਤੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਸਮੂਹ ਖ਼ਾਦ ਵਿਕਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕਿਸੇ ਇੰਡਸਟਰੀ ਵਿਚ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਹੁੰਦੀ ਪਾਈ ਜਾਂਦੀ ਹੈ ਤਾਂ ਉਸ ਇੰਡਸਟਰੀ ਵਿਰੁੱਧ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਸੀਜ਼ ਕੀਤਾ ਜਾਵੇ। ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਅੰਦਰ ਖ਼ਾਦ ਦੀ ਫਾਲਤੂ ਵਿਕਰੀ ਅਤੇ ਇੰਡਸਟਰੀ ਵਿਚ ਕੀਤੀ ਜਾ ਰਹੀ ਗੈਰ ਕਾਨੂੰਨੀ ਵਰਤੋਂ ਨੂੰ ਬਿਲਕੁਲ ਰੋਕਿਆ ਜਾਵੇਗਾ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।