ਅਧਿਆਪਕਾਂ ਦੀ ਮੋਗਾ ਮਹਾਰੈਲੀ 18 ਨੂੰ, 14 ਨੂੰ ਕੱਢਣਗੇ ਕੈਂਡਲ ਮਾਰਚ
14 ਨੂੰ ਨਵਾਂਸ਼ਹਿਰ ਵਿਚ ਕੈਂਡਲ ਮਾਰਚ
Publish Date: Thu, 08 Jan 2026 05:18 PM (IST)
Updated Date: Fri, 09 Jan 2026 04:06 AM (IST)

ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : 2 ਜਨਵਰੀ ਨੂੰ ਮੋਗਾ ਵਿਖੇ ਹੋਈ ਮੀਟਿੰਗ ਦੌਰਾਨ 17 ਅਧਿਆਪਕ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ ਨਵਾਂਸ਼ਹਿਰ ਦੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਥਾਨਕ ਬਾਰਾਂਦਰੀ ਗਾਰਡਨ ਵਿਖੇ ਹੋਈ। ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਮੋਗਾ ਵਿਖੇ ਚੋਣ ਡਿਊਟੀ ਕਰ ਰਹੇ ਅਧਿਆਪਕ ਸਾਥੀ ਜਸਕਰਨ ਸਿੰਘ ਅਤੇ ਉਸਦੀ ਪਤਨੀ ਕਮਲਜੀਤ ਕੌਰ ਦੀ ਸਰਕਾਰ ਦੇ ਨਾਕਸ ਅਤੇ ਲਾਪਰਵਾਹ ਪ੍ਰਬੰਧਾਂ ਕਾਰਨ ਹੋਈ ਮੌਤ ਨੇ ਸਮੂਹ ਅਧਿਆਪਕ ਵਰਗ ਅਤੇ ਇਨਸਾਫ ਪਸੰਦ ਜਥੇਬੰਦੀਆਂ ਨੂੰ ਗਹਿਰਾ ਸਦਮਾ ਦਿੱਤਾ ਹੈ। ਦੁੱਖ ਦੀ ਇਸ ਘੜੀ ਵਿਚ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਸਾਥੀਆਂ ਦੇ ਪਰਿਵਾਰ ਅਤੇ ਬੱਚਿਆਂ ਦੀ ਪੂਰੀ ਜਿੰਮੇਵਾਰੀ ਚੁੱਕਣ ਦੀ ਬਜਾਏ ਕੇਵਲ 10-10 ਲੱਖ ਰੁਪਏ ਮੁਆਵਜ਼ਾ ਦੇ ਕੇ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰਨਾ ਬਹੁਤ ਹੀ ਨਿੰਦਣਯੋਗ ਅਤੇ ਗੈਰ ਮਨੁੱਖੀ ਕਦਮ ਹੈ। ਮੀਟਿੰਗ ਵਿਚ ਇਹ ਸਪੱਸ਼ਟ ਕੀਤਾ ਕਿ ਮ੍ਰਿਤਕ ਅਧਿਆਪਕ ਜੋੜੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਦੋਵੇਂ ਸਾਥੀਆਂ ਦੇ ਹਿੱਸੇ ਦੋ ਦੋ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਜਦਕਿ ਮੂਣਕ ਵਿਖੇ ਚੋਣ ਡਿਊਟੀ ਦੌਰਾਨ ਜ਼ਖਮੀ ਹੋਈ ਐਸੋਸੀਏਟ ਅਧਿਆਪਕਾ ਨੂੰ ਵੀ ਘੱਟੋ ਘੱਟ 20 ਲੱਖ ਰੁਪਏ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ। ਇਸ ਦੇ ਨਾਲ ਨਾਲ ਮ੍ਰਿਤਕ ਸਾਥੀਆਂ ਦੇ ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਉਪਰੰਤ ਉਨ੍ਹਾਂ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਲਿਖਤੀ ਭਰੋਸਾ ਦਿੱਤਾ ਜਾਵੇ ਤੇ ਬੱਚਿਆਂ ਦੀ ਸਮੁੱਚੀ ਪੜ੍ਹਾਈ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਭਰਿਆ ਜਾਵੇ। ਮੀਟਿੰਗ ਵਿਚ ਮੰਗ ਕੀਤੀ ਕਿ ਚੋਣਾਂ ਤੋਂ ਇਲਾਵਾ ਅਧਿਆਪਕਾਂ ਤੋਂ ਹਰ ਤਰ੍ਹਾਂ ਦੇ ਗੈਰ ਵਿੱਦਿਅਕ ਕੰਮ ਲੈਣ ਦੀ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ, ਭਵਿੱਖ ਵਿਚ ਚੋਣਾਂ ਦੌਰਾਨ ਡਿਊਟੀ ਲਗਾਉਂਦੇ ਸਮੇਂ ਕਪਲ ਕੇਸਾਂ ਵਿੱਚੋਂ ਔਰਤਾਂ ਨੂੰ ਡਿਊਟੀ ਤੋਂ ਛੋਟ ਦੇਣੀ ਯਕੀਨੀ ਬਣਾਈ ਜਾਵੇ ਅਤੇ ਕਰਮਚਾਰੀਆਂ ਦੀ ਡਿਊਟੀ ਉਨ੍ਹਾਂ ਦੇ ਆਪਣੇ ਵਰਕਿੰਗ ਬਲਾਕ ਵਿਚ ਹੀ ਲਗਾਉਣ ਦਾ ਨਿਯਮ ਬਣਾਇਆ ਜਾਵੇ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਉੱਤੇ ਖਾਣੇ ਰਿਹਾਇਸ਼ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਚੋਣਾਂ ਦੌਰਾਨ ਬੀਐਲਓ ਦੀ ਡਿਊਟੀ ਨਾ ਲਗਾਈ ਜਾਵੇ। ਰਿਟਰਨਿੰਗ ਅਫਸਰ ਪੱਧਰ ਤੇ ਹੀ ਬੂਥਾਂ ਉੱਤੇ ਚੋਣ ਸਮੱਗਰੀ ਪਹੁੰਚਾਉਣ ਦੀ ਵਿਵਸਥਾ ਕੀਤੀ ਜਾਵੇ ਅਤੇ ਚੋਣ ਡਿਊਟੀ ਦਾ ਮਿਹਨਤਾਨਾ ਮੌਕੇ ਉੱਪਰ ਹੀ ਅਦਾ ਕੀਤਾ ਜਾਵੇ। ਮੀਟਿੰਗ ਵਿਚ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਜਸਵਿੰਦਰ ਔਜਲਾ, ਅਜੇ ਚਾਹੜ ਮਜਾਰਾ, ਚੰਦਰਸ਼ੇਖਰ, ਸੁਖਜਿੰਦਰ ਰਾਮ, ਐੱਸਸੀ ਬੀਸੀ ਯੂਨੀਅਨ ਵੱਲੋਂ ਰਾਮ ਕਿਸ਼ਨ ਪੱਲੀ ਝਿੱਕੀ, ਸੁਰਜੀਤ ਸੈਂਪਲੇ, ਜੀਟੀਯੂ ਵੱਲੋਂ ਮਨਜਿੰਦਰਜੀਤ ਸਿੰਘ, ਪ੍ਰਸ਼ੋਤਮ ਲਾਲ, ਮਾਸਟਰ ਕਾਡਰ ਯੂਨੀਅਨ ਵੱਲੋਂ ਵਿਨੈ ਕੁਮਾਰ, ਕਪਿਲ ਦੁੱਗਲ, ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਵਲੋਂ ਰਮੇਸ਼ ਲਾਲ ਆਦਿ ਅਧਿਆਪਕ ਹਾਜ਼ਰ ਸਨ।