ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕੈਂਪ ਲਾਇਆ
ਪਿੰਡ ਸੁੱਧਾ ਮਾਜਰਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਕੈਂਪ ਲਗਾਇਆ
Publish Date: Thu, 12 Feb 2026 05:30 PM (IST)
Updated Date: Fri, 13 Feb 2026 04:06 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਦੀਆਂ ਜਨ-ਕਲਿਆਣਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪਿੰਡ ਸੁੱਧਾ ਮਾਜਰਾ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ। ਜਿਸ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 50 ਤੋਂ ਵੱਧ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਗਏ। ਕੈਂਪ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐੱਸਡੀਐਮ ਬਲਾਚੌਰ ਕ੍ਰਿਤੀਕਾ ਗੋਇਲ ਪਹੁੰਚੇ। ਉਨ੍ਹਾਂ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਪਿੰਡ ਦਾ ਕੋਈ ਵੀ ਯੋਗ ਵਿਅਕਤੀ ਇਸ ਸਕੀਮ ਤੋਂ ਵਾਂਝਾ ਨਾ ਰਹੇ। ਕੈਂਪ ਫੂਡ ਸਪਲਾਈ ਇੰਸਪੈਕਟਰ ਧਰਮਪਾਲ ਦੀ ਨਿਗਰਾਨੀ ਹੇਠ ਸਫਲਤਾ ਪੂਰਵਕ ਨੇਪਰੇ ਚੜ੍ਹਿਆ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਦੁਆਰਾ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੀ ਖੱਜਲ-ਖੁਆਰੀ ਤੋਂ ਮੁਕਤੀ ਮਿਲੇਗੀ। ਕੈਂਪ ਦੌਰਾਨ ਤਕਨੀਕੀ ਸੇਵਾਵਾਂ ਅਰੁਣ ਕੁਮਾਰ ਅਪ੍ਰੇਟਰ, ਰਮਨਦੀਪ ਸੁਵਿਧਾ ਸੈਂਟਰ ਅਪ੍ਰੇਟਰ ਅਤੇ ਭੁਪਿੰਦਰ ਏਐਨਐਮ. ਵੱਲੋਂ ਦਿੱਤੀਆਂ ਗਈਆਂ। ਇਸ ਮੌਕੇ ਮਲਕੀਤ ਸਿੰਘ ਲੰਬੜਦਾਰ, ਬਲਵੀਰ ਕੌਰ ਸਰਪੰਚ, ਪ੍ਰਵੀਨ ਕੁਮਾਰੀ ਆਸ਼ਾ ਵਰਕਰ, ਰਾਮ ਗੋਪਾਲ, ਈਸ਼ਾ ਕੁਮਾਰੀ, ਡਾ. ਨਰੇਸ਼ ਕੁਮਾਰ ਸਾਬਕਾ ਸਰਪੰਚ ਹਾਜ਼ਰ ਸਨ।