ਨੌਜਵਾਨਾਂ ਨੂੰ ਖੇਡ ਰਾਹ ਪਾ ਕੇ ਸਰਕਾਰ ਨੇ ਸੂਬੇ ਦੇ ਸੁਨਹਿਰੇ ਭਵਿੱਖ ਦੀ ਨੀਂਹ ਰੱਖੀ : ਬ੍ਰਿਗੇਡੀਅਰ
ਨੌਜਵਾਨਾਂ ਨੂੰ ਖੇਡ ਰਾਹ ਪਾ ਕੇ ਸਰਕਾਰ ਨੇ ਸੂਬੇ ਦੇ ਸੁਨਹਿਰੇ ਭਵਿੱਖ ਦੀ ਨੀਂਹ ਰੱਖੀ-ਬ੍ਰਿਗੇਡੀਅਰ
Publish Date: Sat, 07 Mar 2026 05:03 PM (IST)
Updated Date: Sun, 08 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਗ਼ਲਤ ਪਾਸੇ ਜਾਣ ਤੋਂ ਰੋਕਣ ਲਈ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਵਰਗਾ ਅਹਿਮ ਉਪਰਾਲਾ ਕੀਤਾ ਹੈ, ਉਥੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਖੇਡ ਕੋਚਿੰਗ ਸੈਂਟਰ ਵੀ ਨੌਜਵਾਨਾਂ ਨੂੰ ਖੇਡ ਮੈਦਾਨਾਂ ਦੇ ਰਾਹ ਪਾ ਕੇ ਸੂਬੇ ਦਾ ਭਵਿੱਖ ਸੁਨਹਿਰਾ ਬਨਾਉਣ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਬ੍ਰਿਗੇਡੀਅਰ ਰਾਜ ਕੁਮਾਰ ਪਿੰਡ ਬਿਛੌੜੀ ਵਿਖੇ ਕਰਵਾਏ ਫੁੱਟਬਾਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਕਾਰਜਸ਼ੀਲ ਖੇਡ ਕੋਚਿੰਗ ਸੈਂਟਰ ਫੁੱਟਬਾਲ ਦੇ ਚੰਗੇ ਖਿਡਾਰੀ ਪੈਦਾ ਕਰਨ ਵਿਚ ਅਹਿਮ ਯੋਗਦਾਨ ਪਾ ਰਹੇ ਹਨ ਜਿੱਥੇ ਕਿ ਮੁਫ਼ਤ ਕੋਚਿੰਗ, ਖੇਡ ਸਮੱਗਰੀ ਜਿਵੇਂ ਕਿ ਫੁੱਟਬਾਲ, ਕੋਨ, ਮਾਰਕਰ, ਹਰਡਲ, ਸਪੀਡ ਲੈਡਰ ਤੇ ਹੋਰ ਲੋੜੀਂਦਾ ਸਾਮਾਨ ਅਤੇ ਖੁਰਾਕ ਜਿਵੇਂ ਕਿ ਦੁੱਧ, ਕੇਲੇ, ਬਦਾਮ ਆਦਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੋਚਿੰਗ ਸੈਂਟਰ ਦੇ ਖਿਡਾਰੀ ਮਾਹਿਲਪੁਰ ਅਕੈਡਮੀ, ਖੋਸਾ ਅਕੈਡਮੀ ਤੇ ਪੰਜਾਬ ਦੀਆਂ ਹੋਰ ਵੱਖ-ਵੱਖ ਅਕੈਡਮੀਆਂ ਵਿੱਚ ਖੇਡ ਰਹੇ ਹਨ।।ੁਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ, ਸਾਬਕਾ ਖਿਡਾਰੀਆਂ ਅਤੇ ਸਮਾਜ ਸੇਵੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਡ ਟੂਰਨਾਮੈਂਟ ਕਰਵਾਉਣ ਲਈ ਅੱਗੇ ਆਉਣ।