ਵਿਆਹ ਦੇ ਨਾਂ 'ਤੇ ਵਪਾਰ! ਕੈਨੇਡਾ ਭੇਜਣ ਲਈ ਖ਼ਰਚੇ 40 ਲੱਖ, ਪਤਨੀ ਨੇ ਪੀਆਰ ਦਿਵਾਉਣ ਦੀ ਥਾਂ ਮੰਗਿਆ ਤਲਾਕ; ਪਿਓ-ਧੀ ਖ਼ਿਲਾਫ਼ ਮਾਮਲਾ ਦਰਜ
ਨਵਾਂਸ਼ਹਿਰ ਦੇ ਥਾਣਾ ਔੜ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਕੈਨੇਡਾ ਬੁਲਾਉਣ ਅਤੇ ਉੱਥੋਂ ਦੀ ਪੱਕੀ ਰਿਹਾਇਸ਼ (PR) ਦਿਵਾਉਣ ਦਾ ਝਾਂਸਾ ਦੇ ਕੇ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਔਰਤ ਅਤੇ ਉਸ ਦੇ ਪਿਤਾ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਪੀੜਤ ਨੌਜਵਾਨ ਵੱਲੋਂ ਐੱਸਐੱਸਪੀ (SSP) ਨੂੰ ਦਿੱਤੀ ਸ਼ਿਕਾਇਤ ਦੀ ਲੰਬੀ ਪੜਤਾਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
Publish Date: Sat, 25 Apr 2026 03:33 PM (IST)
Updated Date: Sat, 25 Apr 2026 03:35 PM (IST)

ਪ੍ਰਦੀਪ ਭਨੋਟ, ਨਵਾਂਸ਼ਹਿਰ: ਨਵਾਂਸ਼ਹਿਰ ਦੇ ਥਾਣਾ ਔੜ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਕੈਨੇਡਾ ਬੁਲਾਉਣ ਅਤੇ ਉੱਥੋਂ ਦੀ ਪੱਕੀ ਰਿਹਾਇਸ਼ (PR) ਦਿਵਾਉਣ ਦਾ ਝਾਂਸਾ ਦੇ ਕੇ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਔਰਤ ਅਤੇ ਉਸ ਦੇ ਪਿਤਾ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਪੀੜਤ ਨੌਜਵਾਨ ਵੱਲੋਂ ਐੱਸਐੱਸਪੀ (SSP) ਨੂੰ ਦਿੱਤੀ ਸ਼ਿਕਾਇਤ ਦੀ ਲੰਬੀ ਪੜਤਾਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਵਿਆਹ ਦੀ ਸ਼ਰਤ ਬਣੀ ਠੱਗੀ ਦਾ ਆਧਾਰ
ਸ਼ਿਕਾਇਤਕਰਤਾ ਫਿਰਾਜ ਰਤਨ, ਵਾਸੀ ਫਾਂਬੜਾ ਨੇ ਦੱਸਿਆ ਕਿ ਉਸਦਾ ਵਿਆਹ 15 ਅਕਤੂਬਰ 2017 ਨੂੰ ਸਵੀਨਾ ਕੋਮਲ (ਵਾਸੀ ਫਰਾਲਾ) ਨਾਲ ਹੋਇਆ ਸੀ। ਰਿਸ਼ਤਾ ਤੈਅ ਹੋਣ ਸਮੇਂ ਸ਼ਰਤ ਰੱਖੀ ਗਈ ਸੀ ਕਿ ਲੜਕੀ ਕੈਨੇਡਾ ਜਾਣਾ ਚਾਹੁੰਦੀ ਹੈ ਅਤੇ ਉਸਦਾ ਸਾਰਾ ਖ਼ਰਚਾ ਲੜਕਾ ਪੱਖ ਕਰੇਗਾ। ਬਦਲੇ ਵਿੱਚ ਲੜਕੀ ਕੈਨੇਡਾ ਜਾ ਕੇ ਫਿਰਾਜ ਦਾ ਵੀਜ਼ਾ ਅਪਲਾਈ ਕਰੇਗੀ ਅਤੇ ਉਸ ਨੂੰ ਉੱਥੋਂ ਦੀ ਪੀਆਰ ਦਿਵਾਏਗੀ।
ਵਿਦੇਸ਼ ਜਾ ਕੇ ਬਦਲੇ ਤੇਵਰ, ਮੰਗਿਆ ਤਲਾਕ
ਫਿਰਾਜ ਅਨੁਸਾਰ, ਉਸਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਅਤੇ ਉੱਥੇ ਸੈੱਟ ਕਰਨ 'ਤੇ ਲਗਭਗ 40 ਲੱਖ ਰੁਪਏ ਖ਼ਰਚ ਕੀਤੇ। ਪਰ ਕੈਨੇਡਾ ਪਹੁੰਚਣ ਤੋਂ ਬਾਅਦ ਸਵੀਨਾ ਕੋਮਲ ਨੇ ਆਪਣੇ ਵਾਅਦੇ ਤੋਂ ਮੁਕਰਦਿਆਂ ਫਿਰਾਜ ਨੂੰ ਵਿਦੇਸ਼ ਬੁਲਾਉਣ ਦੀ ਬਜਾਏ ਉਸ ਤੋਂ ਤਲਾਕ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਧੋਖਾਧੜੀ ਦਾ ਅਹਿਸਾਸ ਹੋਣ 'ਤੇ ਪੀੜਤ ਨੇ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਗਾਈ।
ਪੁਲਿਸ ਦੀ ਕਾਰਵਾਈ
ਥਾਣਾ ਔੜ ਦੇ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਡੀਐੱਸਪੀ ਪੀਬੀਆਈ (DSP PBI) ਵੱਲੋਂ ਕੀਤੀ ਗਈ ਜਾਂਚ ਰਿਪੋਰਟ ਦੇ ਆਧਾਰ 'ਤੇ ਮੁਲਜ਼ਮ ਸਵੀਨਾ ਕੋਮਲ ਅਤੇ ਉਸਦੇ ਪਿਤਾ ਸੁਰਿੰਦਰ ਪਾਲ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।