ਖਟਕੜ ਕਲਾਂ ਤੋ ਅੰਮ੍ਰਿਤਸਰ ਸਾਹਿਬ ਲਈ ਬੱਸਾਂ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਖਟਕੜ ਕਲਾਂ ਤੋ ਅੰਮ੍ਰਿਤਸਰ ਸਾਹਿਬ ਲਈ ਬੱਸਾਂ ਰਵਾਨਾ
Publish Date: Tue, 10 Feb 2026 05:25 PM (IST)
Updated Date: Wed, 11 Feb 2026 04:03 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਦੂਜੇ ਪੜਾਅ ਤਹਿਤ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆ ਬੰਗਾ, ਬਲਾਚੌਰ ਅਤੇ ਨਵਾਂਸ਼ਹਿਰ ਤੋਂ ਤਿੰਨ ਬੱਸਾਂ ਰਾਹੀਂ ਸ਼ਰਧਾਲੂਆਂ ਦਾ ਪਹਿਲਾ ਜਥਾ ਖਟਕੜ ਕਲਾਂ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਇਆ।।ਜਥਾ ਰਵਾਨਾ ਹੋਣ ਸਮੇਂ ਵਿਧਾਇਕ ਹਲਕਾ ਬੰਗਾ ਸੁਖਵਿੰਦਰ ਕੁਮਾਰ ਸੁੱਖੀ, ਚੇਅਰਮੈਨ ਨਗਰ ਸੁਧਾਰ ਟਰਸਟ ਸਤਨਾਮ ਸਿੰਘ ਜਲਵਾਹਾ, ਵਾਇਸ ਚੇਅਰਮੈਨ ਐੱਸਸੀ ਕਮਿਸ਼ਨ ਹਰਜੋਤ ਲੋਟੀਆ, ਐੱਸਡੀਐੱਮ ਨਵਾਂਸ਼ਹਿਰ ਅਨਮਜਯੋਤ ਕੌਰ, ਐਸਡੀਐਮ ਬੰਗਾ ਵਿਪਨ ਭੰਡਾਰੀ ਅਤੇ ਤਰੁਣ ਅਰੋੜਾ ਸਟੇਟ ਸੈਕਟਰੀ ਆਮ ਆਦਮੀ ਪਾਰਟੀ ਇੰਚਾਰਜ ਦੁਆਬਾ ਜੋਨ ਤੋਂ ਇਲਾਵਾ ਸ਼ਰਧਾਲੂ ਹਾਜ਼ਰ ਸਨ। ਵਿਧਾਇਕ ਹਲਕਾ ਬੰਗਾ ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਦੂਜੇ ਪੜਾਅ ਤਹਿਤ ਖੱਟਕੜ ਕਲਾਂ ਤੋਂ ਕੁੱਲ 3 ਬੱਸਾਂ ਹਲਕੇ ਦੇ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾ ਲਈ ਰਵਾਨਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸੰਗਤ ਨਾਲ ਇਕ ਮੈਡੀਕਲ ਟੀਮ ਵੀ ਭੇਜੀ ਗਈ ਹੈ ਤਾਂ ਕਿ ਕਿਸੇ ਵੀ ਹੰਗਾਮੀ ਸਥਿਤੀ ਵਿਚ ਤੁਰੰਤ ਸਹਾਇਤਾ ਦਿੱਤੀ ਜਾ ਸਕੇ। ਚੇਅਰਮੈਨ ਨਗਰ ਸੁਧਾਰ ਟਰਸਟ ਸਤਨਾਮ ਸਿੰਘ ਜਲਵਾਹਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਜੁਰਗਾਂ ਨੂੰ ਤੀਰਥ ਯਾਤਰਾਂ ਤੇ ਲੈ ਕੇ ਜਾਣਾ ਵਧੀਆ ਕਾਰਜ ਹੈ। ਉਨ੍ਹਾਂ ਦੱਸਿਆ ਕਿ ਜੋ ਸ਼ਰਧਾਲੂ ਅੱਜ ਖਟਕੜ ਕਲਾਂ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਰਵਾਨਾ ਹੋਏ ਹਨ, ਉਨ੍ਹਾਂ ਲਈ ਪੰਜਾਬ ਸਰਕਾਰ ਵੱਲੋਂ ਖਾਣਾ, ਮੈਡੀਕਲ ਸਹੂਲਤ, ਰਹਿਣ ਆਦਿ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕੋਈ ਵੀ ਦਿਕਤ ਪੇਸ਼ ਨਾ ਆਵੇ।।ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਸ਼੍ਰੀ ਦਰਬਾਰ ਸਾਹਿਬ, ਰਾਮ ਤੀਰਥ ਮੰਦਿਰ, ਬਾਘਾ ਬਾਰਡਰ, ਜਲ੍ਹਿਆਂਵਾਲਾ ਬਾਗ ਆਦਿ ਥਾਂਵਾਂ ਦੀ ਯਾਤਰਾ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਤਿੰਨ ਦਿਨ ਦੀ ਹੋਵੇਗੀ, ਜਿੱਥੇ ਯਾਤਰਾ ਦੇ ਰਾਤ ਦੇ ਠਹਿਰਨ ਤੇ ਖਾਣੇ ਆਦਿ ਦੇ ਸਾਰੇ ਪ੍ਰਬੰਧ ਹੋਣਗੇ। ਉਨ੍ਹਾਂ ਦੱਸਿਆ ਕਿ ਹਲਕੇ ਵਿਚੋਂ ਹਰ ਤੀਸਰੇ ਦਿਨ ਬੱਸ ਸ਼ਰਧਾਲੂਆਂ ਨੂੰ ਲੈ ਕੇ ਯਾਤਰਾ ਲਈ ਰਵਾਨਾ ਹੋਵੇਗੀ। ਖਟਕੜ ਕਲਾਂ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀ ਬੱਸ ਦੇ ਸ਼ਰਧਾਲੂਆਂ ਨੇ ਦੱਸਿਆ ਕਿ ਜੀਵਨ ਦੇ ਜ਼ਰੂਰੀ ਰੁਝੇਵਿਆਂ ਕਾਰਨ ਜਾਂ ਆਰਥਿਕ ਹਲਾਤਾ ਕਾਰਨ ਅਸੀ ਦੂਰ-ਦੂਰਾਡੇ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਵਾਝੇ ਰਹੇ ਹਾਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਬਹੁਤ ਹੀ ਅਰਾਮਦਾਇਕ ਹੈ, ਯਾਤਰੀ ਦਾ ਕੋਈ ਖਰਚਾ ਨਹੀ ਹੋਵੇਗਾ। ਇਸ ਲਈ ਅਸੀਂ ਸਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਆਪਣੇ ਵਾਅਦੇ ਪੂਰੇ ਕਰਨ ਵਿਚ ਕੋਈ ਕਸਰ ਬਾਕੀ ਨਹੀ ਛੱਡੀ ਹੈ। ਯਾਤਰਾ ਲਈ ਜਾਣ ਵਾਲੇ ਸ਼ਰਧਾਲੂ ਬਹੁਤ ਹੀ ਉਤਸ਼ਾਹਿਤ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤੀਰਥ ਯਾਤਰਾ ਦਾ ਸੁਪਨਾ ਅੱਜ ਸਾਕਾਰ ਹੋਇਆ ਹੈ।