ਮਾੜੀ ਬਿਆਨਬਾਜ਼ੀ ਦੇ ਵਿਰੋਧ 'ਚ ਬਾਜਵਾ ਦਾ ਪੁਤਲਾ ਫੂਕਿਆ
ਮਾੜੀ ਬਿਆਨਬਾਜ਼ੀ ਦੇ ਵਿਰੋਧ 'ਚ ਪ੍ਰਤਾਪ ਸਿੰਘ ਬਾਜਵਾ ਦਾ ਪੁਤਲਾ ਫੂਕਿਆ-ਹਰਜੋਤ ਲੋਹਟੀਆ
Publish Date: Fri, 13 Feb 2026 06:45 PM (IST)
Updated Date: Sat, 14 Feb 2026 04:10 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਐੱਸਸੀ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਕੀਤੀ ਗਈ ਅਪਮਾਨਜਨਕ ਅਤੇ ਮਾੜੀ ਬਿਆਨਬਾਜ਼ੀ ਦੇ ਵਿਰੋਧ ਵਿਚ ਹਲਕਾ ਬੰਗਾ ਵਿਚ ਤਿੱਖਾ ਰੋਸ ਵੇਖਣ ਨੂੰ ਮਿਲਿਆ। ਪਾਰਟੀ ਸੰਗਠਨ ਦੀ ਅਗਵਾਈ ਹੇਠ ਵਰਕਰਾਂ ਅਤੇ ਸਮਰਥਕਾਂ ਨੇ ਪ੍ਰਤਾਪ ਸਿੰਘ ਬਾਜਵਾ ਦਾ ਪੁਤਲਾ ਫੂਕ ਕੇ ਆਪਣਾ ਕੜਾ ਵਿਰੋਧ ਦਰਜ ਕਰਵਾਇਆ। ਹਰਜੋਤ ਲੋਹਟੀਆ ਨੇ ਕਿਹਾ ਕਿ ਰਾਜਨੀਤਿਕ ਅਸਹਿਮਤੀ ਆਪਣੀ ਜਗ੍ਹਾ ਹੈ ਪਰ ਕਿਸੇ ਮੰਤਰੀ ਜਾਂ ਵਿਅਕਤੀ ਦੀ ਨਿੱਜੀ ਸਤ੍ਹਾ ਤੇ ਕੀਤੀ ਗਈ ਬੇਅਦਬੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਈਟੀਓ ਸੂਬੇ ਵਿਚ ਲੋਕ ਹਿੱਤਾਂ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ਼ ਇਸ ਤਰ੍ਹਾਂ ਦੀ ਭਾਸ਼ਾ ਵਰਤਣਾ ਪੰਜਾਬ ਦੀ ਸੱਭਿਆਚਾਰਕ ਰਵਾਇਤਾਂ ਦੇ ਖਿਲਾਫ਼ ਹੈ। ਲੋਹਟੀਆ ਨੇ ਆਖਿਆ ਕਿ ਕੁਝ ਨੇਤਾ ਸਸਤੀ ਲੋਕਪ੍ਰਿਯਤਾ ਲਈ ਅਣਸ਼ੋਭਨੀ ਬਿਆਨਬਾਜ਼ੀ ਕਰ ਰਹੇ ਹਨ, ਜਿਸ ਨਾਲ ਸਮਾਜ ਵਿੱਚ ਨਫਰਤ ਦਾ ਮਾਹੌਲ ਬਣਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਗਾਂਹ ਤੋਂ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਤਾਂ ਲੋਕਤੰਤਰਿਕ ਢੰਗ ਨਾਲ ਹੋਰ ਵੀ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਸਿਆਸਤ ਨੂੰ ਨਿੱਜੀ ਵੈਰ ਵਿਰੋਧ ਦਾ ਮੰਚ ਨਹੀਂ ਬਣਾਉਣਾ ਚਾਹੀਦਾ ਅਤੇ ਸਭ ਨੂੰ ਮਰਿਆਦਾ ਵਿਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ।