ਬਸਪਾ ਦੀ ਸੱਤਾ ਪ੍ਰਾਪਤ ਰੈਲੀ 'ਚ 2027 'ਚ ਪੰਜਾਬ 'ਚ ਸਰਕਾਰ ਬਣਾਉਣ ਦਾ ਸੰਕਲਪ

ਸਾਰਿਆਂ ਨੂੰ ਚੰਗੀ ਸਿਹਤ, ਸਿੱਖਿਆ ਸੁਵਿਧਾਵਾਂ ਤੇ ਰੁਜ਼ਗਾਰ ਦੇਣਾ ਬਸਪਾ ਸਰਕਾਰ ਦਾ ਮੁੱਖ ਏਜੰਡਾ : ਪ੍ਰਤਾਪ ਸਿੰਘ ਕਰੀਮਪੁਰੀ
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ,
ਬਹਿਰਾਮ : ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਬਹਿਰਾਮ ਦੀ ਦਾਣਾ ਮੰਡੀ ਵਿਚ ਕੀਤੀ ਗਈ 'ਸੱਤਾ ਪ੍ਰਾਪਤ ਕਰੋ ਰੈਲੀ' ਵਿਚ ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਮੌਕੇ 2027 ਵਿਚ ਪੰਜਾਬ ਵਿਚ ਬਸਪਾ ਦੀ ਸਰਕਾਰ ਬਣਾਉਣ ਦਾ ਐਲਾਨ ਕੀਤਾ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿਚ ਹੋਈ ਇਸ ਰੈਲੀ ਵਿਚ ਪਾਰਟੀ ਦੇ ਕੇਂਦਰੀ ਇੰਚਾਰਜ ਪ੍ਰਤਾਪ ਸਿੰਘ ਮੁੱਖ ਮਹਿਮਾਨ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਨੇ ਗੈਰਬਰਾਬਰੀ ਦੇ ਪ੍ਰਬੰਧ ਨੂੰ ਖਤਮ ਕਰਕੇ ਭਾਈਚਾਰੇ ਤੇ ਖੁਸ਼ਹਾਲੀ ਦੀ ਸਥਾਪਨਾ ਲਈ ਬਸਪਾ ਦੇ ਰੂਪ 'ਚ ਅੰਦੋਲਨ ਦਿੱਤਾ। ਬਸਪਾ ਦਾ ਅੰਦੋਲਨ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਕੇ ਅਣਖ ਨਾਲ ਜੀਊਣ ਦੀ ਸੇਧ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾ ਵਿਚ ਰਹੀਆਂ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਸਰਕਾਰਾਂ ਨੇ ਦਲਿਤਾਂ, ਪੱਛੜਿਆਂ, ਗਰੀਬਾਂ ਨੂੰ ਪੈਰਾਂ 'ਤੇ ਖੜਾ ਕਰਨ ਦੀ ਬਜਾਏ, ਉਨ੍ਹਾਂ ਨੂੰ ਰਾਸ਼ਨ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ। ਸਿਹਤ, ਸਿੱਖਿਆ ਤੇ ਰੁਜ਼ਗਾਰ ਵਰਗੀਆਂ ਮੁੱਢਲੀਆਂ ਸਹੂਲਤਾਂ ਉਨ੍ਹਾਂ ਤੋਂ ਦੂਰ ਕਰ ਦਿੱਤੀਆਂ ਗਈਆਂ ਹਨ।
ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਦੇ ਰਾਜ ਵਿਚ ਸਕੂਲਾਂ ਵਿਚ 45 ਫੀਸਦੀ ਅਧਿਆਪਕ ਨਹੀਂ ਹਨ ਤੇ 55 ਫੀਸਦੀ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਹਨ। ਇਸੇ ਤਰ੍ਹਾਂ ਡਾਕਟਰਾਂ ਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਸਰਕਾਰੀ ਹਸਪਤਾਲਾਂ ਦੀ ਹਾਲਤ ਖਰਾਬ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਦੀਆਂ ਸਰਕਾਰਾਂ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੀਆਂ ਰਹੀਆਂ ਹਨ। ਜਦਕਿ ਅਸਲ ਵਿਚ ਨਸ਼ਾ ਖਤਮ ਹੋਣ ਦੀ ਬਜਾਏ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਕ ਰਿਹਾ ਹੈ। ਮਾਵਾਂ ਦੇ ਪੁੱਤ ਨਸ਼ੇ ਦੇ ਜਾਲ ਵਿਚ ਫਸ ਕੇ ਲਾਸ਼ਾਂ ਵਿਚ ਤਬਦੀਲ ਹੋ ਰਹੇ ਹਨ। ਆਪ ਸਰਕਾਰ ਕਿਸਾਨਾਂ ਕਿਰਤੀਆਂ, ਮੁਲਾਜ਼ਮਾਂ, ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ 'ਤੇ ਲਾਠੀਚਾਰਜ ਕਰਵਾ ਰਹੀ ਹੈ। ਇਸੇ ਤਰ੍ਹਾਂ ਸੂਬੇ ਵਿਚ ਕਾਨੂੰਨ ਵਿਵਸਥਾ ਵਿਗੜਨ ਕਰਕੇ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਹਨ, ਜਿਸ ਵਿਚ ਬੇਗੁਨਾਹ ਮਾਰੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਤੋਂ ਤੰਗ ਆ ਚੁੱਕੇ ਹਨ ਤੇ 2027 ਵਿਚ ਉਹ ਸੂਬੇ ਵਿਚ ਬਸਪਾ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਸਪਾ ਦੀ ਸਰਕਾਰ ਬਣਾ ਕੇ ਖੁਸ਼ਹਾਲੀ, ਤਰੱਕੀ ਤੇ ਭਾਈਚਾਰੇ ਵਾਲੇ ਪ੍ਰਬੰਧ ਦੀ ਸਥਾਪਨਾ ਕੀਤੀ ਜਾਵੇਗੀ। ਸਾਰਿਆਂ ਨੂੰ ਚੰਗੀ ਸਿਹਤ, ਸਿੱਖਿਆ ਸੁਵਿਧਾਵਾਂ ਤੇ ਰੁਜ਼ਗਾਰ ਦੇਣਾ ਬਸਪਾ ਸਰਕਾਰ ਦਾ ਮੁੱਖ ਏਜੰਡਾ ਹੋਵੇਗਾ। ਇਸ ਰੈਲੀ ਨੂੰ ਬਸਪਾ ਦੇ ਸੂਬਾ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ, ਜ਼ੋਨ ਕੋਆਰਡੀਨੇਟਰ ਤੇ ਐਮਐਲਏ ਨਛੱਤਰ ਪਾਲ, ਕੁਲਦੀਪ ਸਿੰਘ ਸਰਦੂਲਗੜ੍ਹ, ਗੁਰਨਾਮ ਸਿੰਘ ਚੌਧਰੀ, ਤੀਰਥ ਸਿੰਘ ਮਹਿਰਾ ਰਾਜਪੁਰਾ, ਸੂਬਾ ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਹਿਬ ਕਾਂਸ਼ੀ ਰਾਮ ਦੀ ਭੈਣ ਕੁਲਵੰਤ ਕੌਰ ਵੀ ਵਿਸ਼ੇਸ਼ ਤੌਰ 'ਤੇ ਮੌਜ਼ੂਦ ਸਨ। ਮੰਚ ਦਾ ਸੰਚਾਲਨ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਪ੍ਰਵੀਨ ਬੰਗਾ ਨੇ ਕੀਤਾ।
ਰੈਲੀ ਦੌਰਾਨ ਦੂਜੀਆਂ ਪਾਰਟੀਆਂ ਦੇ ਆਗੂ, ਰਿਟਾ. ਅਫ਼ਸਰ, ਕਿਸਾਨ ਆਗੂ ਬਸਪਾ ਵਿਚ ਸ਼ਾਮਲ ਹੋਏ। ਜਿਨ੍ਹਾਂ ਨੂੰ ਬਸਪਾ ਨੇਤਾਵਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਲਾਲ ਸਿੰਘ ਸੁਲਹਾਣੀ, ਨਰਿੰਦਰ ਸਿੰਘ ਨਨਹੇੜੀਆ, ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਜਗਜੀਤ ਸਿੰਘ ਛੜਬੜ, ਠੇਕੇਦਾਰ ਭਗਵਾਨ ਦਾਸ ਸਿੱਧੂ, ਚਮਕੌਰ ਸਿੰਘ ਵੀਰ, ਸੁਖਦੇਵ ਸਿੰਘ ਸ਼ੀਰਾ, ਤਰਸੇਮ ਥਾਪਰ, ਡਾ. ਮੱਖਣ ਸਿੰਘ, ਜੋਗਾ ਸਿੰਘ ਪਨੌਧੀਆ, ਅਮਰਜੀਤ ਸਿੰਘ ਝਲੂਰ, ਲਾਲ ਚੰਦ ਔਜਲਾ, ਓਮ ਪ੍ਰਕਾਸ਼ ਸਰੋਏ, ਗੁਰਬਖਸ਼ ਸਿੰਘ ਚੌਹਾਨ, ਕੁਲਵੰਤ ਸਿੰਘ ਮਹਿਤੋ, ਸੰਤ ਰਾਮ ਮੱਲੀਆਂ ਵੀ ਮੌਜੂਦ ਸਨ।