ਵੇਈਂ ’ਚੋਂ ਲੱਭੀ ਲਾਸ਼, ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼
ਬੇਈ ਚੋਂ ਲੱਭੀ ਵਿਅਕਤੀ ਦੀ ਲਾਸ਼, ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼
Publish Date: Thu, 26 Feb 2026 08:00 PM (IST)
Updated Date: Fri, 27 Feb 2026 04:10 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪਿੰਡ ਬਾਲੋ ਨੇੜੇ ਸਥਿਤ ਇਕ ਵੇਈਂ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਾਮਦ ਹੋਣ ’ਤੇ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸਦਰ ਬੰਗਾ ਵਿਖੇ ਦਰਜ ਮਾਮਲੇ ਅਨੁਸਾਰ ਨੰਬਰਦਾਰ ਹਰਮੇਲ ਸਿੰਘ ਪੁੱਤਰ ਬਚਨ ਦਾਸ ਵਾਸੀ ਬਾਲੋ ਨੇ ਦੱਸਿਆ ਕਿ ਉਹ ਆਪਣੇ ਘਰ ਹਾਜ਼ਰ ਸੀ ਤਾਂ ਰਾਹਗੀਰ ਕਬਾੜੀਏ ਨੇ ਦੱਸਿਆ ਕਿ ਸੱਲਾਂ ਵਾਲੇ ਰੋਡ ਤੋਂ ਥੋੜ੍ਹਾ ਜਿਹਾ ਪਿਛਾਂਹ ਵੇਈਂ ’ਚ ਇੱਕ ਲਾਸ਼ ਮੂਧੇ ਮੂੰਹ ਖੜ੍ਹੇ ਪਾਣੀ ’ਚ ਪਈ ਹੈ। ਉਨ੍ਹਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਨੇ ਪਿੰਡ ਦੇ ਹੋਰਨਾਂ ਵਿਅਕਤੀਆਂ ਦੀ ਮਦਦ ਨਾਲ ਵੇਈਂ ’ਚ ਪਈ ਲਾਸ਼ ਨੂੰ ਪਾਣੀ ’ਚੋਂ ਬਾਹਰ ਕੱਢਿਆ। ਮ੍ਰਿਤਕ ਨਾ-ਮਾਲੂਮ ਵਿਅਕਤੀ ਨੇ ਜੀਨ ਦੀ ਨੀਲੀ ਪੈਂਟ ਤੇ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ, ਜਿਸ ਦਾ ਸਰੀਰ ਪਤਲਾ ਤੇ ਰੰਗ ਕਣਕ ਬੰਨਾ ਹੈ, ਜਿਸ ਦੀ ਉਮਰ ਕਰੀਬ 30-35 ਸਾਲ ਜਾਪਦੀ ਹੈ, ਜੋ ਸਿਰ ਤੋਂ ਮੋਨਾ ਹੈ। ਉਸ ਦੀ ਸੱਜੀ ਬਾਂਹ ’ਤੇ ਕ੍ਰਿਸਮਿਸ ਟਰੀਅ ਦਾ ਟੈਟੂ ਉਕਰਿਆ ਹੋਇਆ ਹੈ ਤੇ ਪੈਰਾਂ ’ਚ ਰੱਸੀ ਲਿਪਟੀ ਹੋਈ ਹੈ ਤੇ ਮੂੰਹ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ, ਜਿਸ ਨਾਲ ਚਿਹਰਾ ਬੇ-ਪਹਿਚਾਣਾ ਹੋਇਆ ਹੈ ਤੇ ਸਰੀਰ ਉਪਰ ਹੋਰ ਵੀ ਸੱਟਾਂ ਦੇ ਨਿਸ਼ਾਨ ਹਨ। ਮ੍ਰਿਤਕ ਦੇ ਪਹਿਨੇ ਹੋਏ ਕੱਪੜਿਆਂ ’ਚੋਂ ਕੋਈ ਵੀ ਸ਼ਨਾਖਤੀ ਕਾਰਡ ਤੇ ਹੋਰ ਕੋਈ ਵੀ ਪਰੂਫ ਨਹੀਂ ਮਿਲਿਆ। ਮ੍ਰਿਤਕ ਦੀ ਲਾਸ਼ ਦੀ ਸ਼ਨਾਖਤ ਲਈ ਉਨ੍ਹਾਂ ਆਪਣੇ ਤੌਰ ’ਤੇ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰ ਵਿਅਕਤੀਆਂ ਨੂੰ ਦੱਸਿਆ ਪਰ ਇਸ ਨਾ-ਮਾਲੂਮ ਲਾਸ਼ ਦੀ ਸ਼ਨਾਖਤ ਨਾ ਹੋ ਸਕੀ। ਉਧਰ ਪੁਲਿਸ ਨੇ ਮ੍ਰਿਤਕ ਵਿਅਕਤੀ ਨੂੰ ਸੱਟਾਂ ਮਾਰ ਕੇ ਕਤਲ ਕਰਨ ਵਾਲੇ ਨਾ-ਮਾਲੂਮ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।