ਰਾਖੀ ਚੌਧਰੀ ਨੇ ਯੂਪੀਐੱਸਸੀ ਵਿਚ ਹਾਸਲ ਕੀਤਾ 65ਵਾਂ ਰੈਂਕ
ਬਲਾਚੌਰ ਦੀ ਧੀ ਰਾਖੀ ਚੌਧਰੀ ਨੇ ਰਚਿਆ ਇਤਿਹਾਸ
Publish Date: Sun, 08 Mar 2026 04:47 PM (IST)
Updated Date: Mon, 09 Mar 2026 04:03 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸ਼ੁਭ ਮੌਕੇ ਤੇ ਹਲਕਾ ਬਲਾਚੌਰ ਲਈ ਬਹੁਤ ਹੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਲਾਕੇ ਦੀ ਹੋਣਹਾਰ ਧੀ ਰਾਖੀ ਚੌਧਰੀ ਪਤਨੀ ਲਵਿਸ਼ ਚੌਧਰੀ ਵਾਸੀ ਪਿੰਡ ਟੋਰੋਵਾਲ ਨੇ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਦੇਸ਼ ਦੀ ਸਭ ਤੋਂ ਔਖੀ ਮੰਨੀ ਜਾਣ ਵਾਲੀ ਯੂਪੀਐੱਸਪੀ ਪ੍ਰੀਖਿਆ ਵਿਚ ਆਲ ਇੰਡੀਆ ਪੱਧਰ ਤੇ 65ਵਾਂ ਰੈਂਕ ਹਾਸਲ ਕਰ ਕੇ ਇਲਾਕੇ ਦਾ ਨਾਂ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ। ਅੱਜ ਜਦੋਂ ਪੂਰੀ ਦੁਨੀਆ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੀ ਹੈ। ਰਾਖੀ ਚੌਧਰੀ ਦੀ ਇਹ ਪ੍ਰਾਪਤੀ ਸਾਬਤ ਕਰਦੀ ਹੈ ਕਿ ਜੇਕਰ ਮਨ ਵਿਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ। ਤਾਂ ਕੋਈ ਵੀ ਮੁਕਾਮ ਹਾਸਲ ਕਰਨਾ ਅਸੰਭਵ ਨਹੀਂ ਹੈ। ਉਸ ਦੀ ਇਸ ਸਫਲਤਾ ਨੇ ਨਾ ਸਿਰਫ ਪਰਿਵਾਰ, ਸਗੋਂ ਪੂਰੇ ਜ਼ਿਲ੍ਹੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਰਾਖੀ ਦੀ ਇਸ ਵੱਡੀ ਪ੍ਰਾਪਤੀ ਤੋਂ ਇਲਾਕੇ ਦੇ ਹੋਰ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਇਹ ਸਫਲਤਾ ਦੱਸਦੀ ਹੈ ਕਿ ਮਿਹਨਤ ਅਤੇ ਸਹੀ ਦਿਸ਼ਾ ਨਾਲ ਵੱਡੇ ਤੋਂ ਵੱਡੇ ਟੀਚੇ ਸਰ ਕੀਤੇ ਜਾ ਸਕਦੇ ਹਨ। ਇਲਾਕੇ ਦੇ ਲੋਕਾਂ ਵੱਲੋਂ ਰਾਖੀ ਚੌਧਰੀ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਰਾਖੀ ਦੀ ਸਫਲਤਾ ਹਰ ਉਸ ਲੜਕੀ ਲਈ ਉਮੀਦ ਦੀ ਕਿਰਨ ਹੈ ਜੋ ਵੱਡੇ ਸੁਪਨੇ ਦੇਖਦੀ ਹੈ। ਮਿਹਨਤ ਕਦੇ ਅਜਾਈਂ ਨਹੀਂ ਜਾਂਦੀ।