'ਬੋਲੇ ਸੋ ਨਿਰਭੈ' ਦੇ ਜੈਕਾਰਿਆਂ ਨਾਲ ਗੂੰਜਿਆ ਬਲਾਚੌਰ
'ਬੋਲੇ ਸੋ ਨਿਰਭੈ' ਦੇ ਜੈਕਾਰਿਆਂ ਨਾਲ ਗੂੰਜਿਆ ਬਲਾਚੌਰ
Publish Date: Sat, 17 Jan 2026 04:18 PM (IST)
Updated Date: Sun, 18 Jan 2026 04:04 AM (IST)

ਸ੍ਰੀ ਗੁਰੂ ਰਵਿਦਾਸ ਮੰਦਿਰ ਵੱਲੋਂ ਕੱਢੀ ਗਈ ਵਿਸ਼ਾਲ ਪ੍ਰਭਾਤ ਫੇਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਅੱਜ ਵਾਰਡ ਨੰਬਰ 8 ਦੇ ਸ੍ਰੀ ਗੁਰੂ ਰਵਿਦਾਸ ਮੰਦਿਰ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਪ੍ਰਭਾਤ ਫੇਰੀ ਕੱਢੀ ਗਈ, ਜਿਸ ’ਚ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਤੇ ਸੰਗਤਾਂ ਨੇ ਸ਼ਮੂਲੀਅਤ ਕਰ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਪ੍ਰਭਾਤ ਫੇਰੀ ਦੀ ਸ਼ੁਰੂਆਤ ਮੰਦਿਰ ਕਮੇਟੀ ਵੱਲੋਂ ਪੂਰਨ ਮਰਿਆਦਾ ਅਨੁਸਾਰ ਅਰਦਾਸ ਕਰ ਕੇ ਕੀਤੀ। ਉਪਰੰਤ ਸੰਗਤਾਂ ਵੱਲੋਂ ਗੁਰੂ ਸਾਹਿਬ ਦੀ ਮਹਿਮਾ ’ਚ ਇਲਾਹੀ ਬਾਣੀ ਦਾ ਕੀਰਤਨ ਕਰਦਿਆਂ ਪੂਰੇ ਵਾਰਡ ਤੇ ਬਾਅਦ ’ਚ ਸਾਰੇ ਸ਼ਹਿਰ ਦੀ ਪ੍ਰਕਰਮਾ ਕੀਤੀ। ਪ੍ਰਭਾਤ ਫੇਰੀ ਦੌਰਾਨ ‘ਬੋਲੇ ਸੋ ਨਿਰਭੈ’ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਗੁਰੂਮਈ ਹੋ ਗਿਆ। ਰਸਤੇ ’ਚ ਥਾਂ-ਥਾਂ ’ਤੇ ਸੰਗਤਾਂ ਵੱਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਮਾ. ਵਰਿੰਦਰ ਕੁਮਾਰ ਲਾਡੀ ਸੁਮਨ ਦੇ ਗ੍ਰਹਿ ਵਿਖੇ ਸੰਗਤਾਂ ਲਈ ਚਾਹ-ਪਾਣੀ ਤੇ ਹੋਰ ਪਦਾਰਥਾਂ ਦੇ ਲੰਗਰ ਲਾਏ ਗਏ। ਮੰਦਿਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਦੇ ਸੰਕਲਪ ਤੇ ਮਨ ਚੰਗਾ ਤੌ ਕਠੌਤੀ ਮੇਂ ਗੰਗਾ ਵਰਗੇ ਮਹਾਨ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਇਹ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਸਮਾਗਮਾਂ ’ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਸੰਜੀਵ ਕੁਮਾਰ ਮਿੰਟੂ, ਲਾਲੀ ਬਲਾਚੌਰੀਆ, ਦੀਪ ਮੂਮ, ਮਨੀ, ਰਾਜਾ ਸੁਮਨ, ਧਰਮਿੰਦਰ, ਸੁਰਿੰਦਰ ਬੱਬੀ, ਸੋਨਾ, ਰਮੇਸ਼ ਜਨਾਗਲ, ਗੋਲਡੀ ਗੰਗੜ, ਜੋਨਾਤਨ, ਸ਼ਸ਼ੀ ਮੈਨਕਾ, ਦਲਜੀਤ, ਮਲਕੀਤ, ਸੋਮਨਾਥ, ਰਾਹੁਲ ਤੇ ਸਮੂਹ ਵਾਰਡ ਨਿਵਾਸੀ ਹਾਜ਼ਰ ਸਨ। ਵਾਰਡ ਨੰਬਰ 8 ਦੇ ਕੌਂਸਲਰ ਪਰਵਿੰਦਰ ਮੇਨਕਾ ਨੇ ਬਲਾਚੌਰ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ 31 ਜਨਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਤੇ 1 ਫਰਵਰੀ ਦਿਨ ਐਤਵਾਰ ਨੂੰ ਪ੍ਰਕਾਸ਼ ਉਤਸਵ ਸ੍ਰੀ ਗੁਰੂ ਰਵਿਦਾਸ ਮੰਦਿਰ, ਵਾਰਡ ਨੰਬਰ 8 ਪੁਰਾਣੇ ਡਾਕਖਾਨੇ ਵਾਲੀ ਗਲੀ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਸ਼ਾਮਲ ਹੋਣ ਲਈ ਅਪੀਲ ਕੀਤੀ।