ਟੋਲ ਪਲਾਜਾ ਬਛੂਆ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ
ਟੋਲ ਪਲਾਜਾ ਬਛੂਆ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ
Publish Date: Thu, 22 Jan 2026 04:43 PM (IST)
Updated Date: Fri, 23 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੜਕ ਸੁਰੱਖਿਆ ਮਹੀਨੇ ਤਹਿਤ ਖੇਤਰੀ ਟਰਾਂਸਪੋਰਟ ਦਫ਼ਤਰ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕਾਠਗੜ੍ਹ ਟੋਲ ਪਲਾਜ਼ੇ ਤੇ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਸਮਾਗਮ ਕਰਵਾਇਆ। ਜਿਸ ਦੀ ਪ੍ਰਧਾਨਗੀ ਖੇਤਰੀ ਟਰਾਂਸਪੋਰਟ ਅਧਿਕਾਰੀ ਇੰਦਰਪਾਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਰਵੁੱਡ ਸਕੂਲ ਚਾਹਲਾਂ ਅਤੇ ਰਿਆਤ ਇੰਟਰਨੈਸ਼ਨਲ ਸਕੂਲ ਰੈਲਮਾਜਰਾ ਦੇ ਐਨਸੀਸੀ ਵਿੰਗ ਦੇ ਵਿਦਿਆਰਥੀਆਂ ਵੱਲੋਂ ਹੱਥਾਂ ਵਿਚ ਤਖਤੀਆਂ ਫੜ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਅਤੇ ਕਾਰ ਚਾਲਕਾਂ ਨੂੰ ਸੀਟ ਬੈਲਟ, ਦੋਪਹੀਆ ਵਾਹਨਾਂ ਨੂੰ ਹੈਲਮੇਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਸਨਮੁੱਖ ਜਨਵਰੀ ਮਹੀਨਾ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਤਰ੍ਹਾਂ ਦੀਆਂ ਹੋਰ ਵੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤੇ ਲੋਕਾਂ ਨੂੰ ਵੱਧ ਤੋਂ ਵੱਧ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਕੌਰ, ਟ੍ਰੈਫਿਕ ਐਜੂਕੇਸ਼ਨ ਸੈਲ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ, ਟ੍ਰੈਫਿਕ ਇੰਚਾਰਜ ਬਲਾਚੌਰ ਏਐੱਸਆਈ ਜਸਵਿੰਦਰ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।