ਨਗਰ ਕੌਂਸਲ ਦਾ ਖਾਲੀ ਪਲਾਟ ਬਣਿਆ ਕੂੜੇ ਦਾ ਡੰਪ
ਸਿਆਸੀ ਲੋਕਾਂ ਦੀ ਸ਼ਹਿ 'ਤੇ ਨਗਰ ਕੌਂਸਲ ਦਾ ਖਾਲੀ ਪਲਾਟ ਬਣਿਆ ਕੂੜੇ ਦਾ ਡੰਪ
Publish Date: Fri, 06 Mar 2026 07:25 PM (IST)
Updated Date: Sat, 07 Mar 2026 04:12 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਨਗਰ ਕੌਂਸਲ ਬਲਾਚੌਰ ਚ ਪੈਂਦੇ ਪਿੰਡ ਮਹਿੰਦੀਪੁਰ ਦੀ ਬਲਵੀਰ ਸਰਵਿਸ ਸਟੇਸ਼ਨ ਵਾਲੀ ਰਸਤਾ ਗਲੀ ਜਿਸ ਦੇ ਚੜਦੇ ਵੱਲ ਨਗਰ ਕੌਂਸਲ ਬਲਾਚੌਰ (ਮਹਿੰਦੀਪੁਰ) ਦੀ ਮਾਲਕੀ ਖਾਲੀ ਪਈ ਜਗ੍ਹਾਂ ਕੁੱਝ ਸਿਆਸੀ ਲੋਕਾਂ ਦੀ ਸ਼ਹਿ ਤੇ ਕੂੜੇ ਦਾ ਡੰਪ ਬਣ ਜਾਣ ਕਾਰਨ ਮੱਛਰ-ਮੱਖੀਆਂ ਉਡਾਰੀਆਂ ਮਾਰ ਰਹੀਆਂ ਹਨ। ਜਿਸ ਕਰਕੇ ਮੁਹੱਲਾ ਨਿਵਾਸੀਆਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਝ ਸਿਆਸੀ ਲੋਕ ਜਿਹੜੇ ਪਿਛਲੀਆਂ ਚੋਣਾਂ ਦੌਰਾਨ ਵਾਰਡ ਦੇ ਲੋਕਾਂ ਵੱਲੋਂ ਨਕਾਰਦਿਆਂ ਹਰਾ ਕੇ ਘਰ ਬਿਠਾਏ ਸਨ, ਉਹੀ ਲੋਕ ਹੁਣ ਵਾਰਡ ਦੇ ਲੋਕਾਂ ਤੋ ਬਦਲੇ ਦੀ ਭਾਵਨਾ ਰੱਖਦਿਆ ਆਪਣੇ ਹਿਤੈਸ਼ੀ ਕੁੱਝ ਕੁ ਲੋਕਾਂ ਨੂੰ ਆਪਣੇ ਘਰਾਂ ਦਾ ਕੂੜਾ ਕਰਕਟ ਇਸ ਖਾਲੀ ਪਲਾਟ ਵਿਚ ਸੁੱਟਣ ਲਈ ਉਕਸਾ ਰਹੇ ਹਨ। ਇਸ ਦੇ ਨਤੀਜੇ ਵਜੋਂ ਇਹ ਖਾਲੀ ਪਲਾਟ ਜਿਹੜਾ ਕਿ ਅਬਾਦੀ ਵਿਚਕਾਰ ਹੈ ਕੂੜੇ ਦਾ ਡੰਪ ਬਣ ਚੁੱਕਿਆ ਹੈ। ਕੂੜੇ ਦੇ ਇਸ ਡੰਪ ਬਣੇ ਪਲਾਟ ਵਿਚੋਂ ਗੰਦੀ ਬਦਬੂ ਹਵਾ ਨੂੰ ਦੂਸ਼ਿਤ ਕਰਦੀ ਹੋਈ ਲੋਕਾਂ ਤੱਕ ਪੁੱਜਦੀ ਹੈ ਅਤੇ ਮੱਛਰ ਮੱਖੀਆਂ ਦੀ ਭਰਮਾਰ ਹੋਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਬਿਮਾਰੀਆਂ ਵੱਲ ਧੱਕ ਰਿਹਾ ਹੈ। ਇਸ ਗੰਦਗੀ ਤੇ ਬੈਠਣ ਉਪਰੰਤ ਮੱਛਰ ਮੱਖੀਆਂ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਕੇ ਖਾਣ-ਪੀਣ ਦੀਆਂ ਚੀਜਾਂ ਉਪਰ ਬੈਠਦੀਆਂ ਹਨ ਅਤੇ ਬਿਮਾਰੀਆਂ ਫੈਲਾਅ ਰਹੀਆਂ ਹਨ। ਭਾਵੇਂ ਕਿ ਨਗਰ ਕੌਂਸਲ ਅਤੇ ਵਾਰਡ ਦੇ ਮੌਜੂਦਾ ਕੌਂਸਲਰ ਵੱਲੋਂ ਲੋਕਾਂ ਨੂੰ ਸਫ਼ਾਈ ਰੱਖਣ, ਘਰਾਂ ਦਾ ਕੂੜਾ ਨਗਰ ਕੌਂਸਲ ਦੇ ਘਰ-ਘਰ ਕੂੜਾ ਚੁੱਕਣ ਆ ਰਹੇ ਸਫ਼ਾਈ ਸੇਵਕਾਂ ਨੂੰ ਦੇਣ ਦੀਆਂ ਅਪੀਲਾਂ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਕੁਝ ਲੋਕਾਂ ਦੇ ਕੰਨਾ ’ਤੇ ਜੂੰ ਨਹੀ ਸਰਕ ਰਹੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਖਾਲੀ ਪਲਾਟ ਦੇ ਕੁੱਝ ਹਿੱਸੇ ਨੂੰ ਆਪਣੇ ਕੋਲੋਂ ਪੈਸੇ ਖਰਚ ਕਰਕੇ ਸਫ਼ਾਈ ਕਰਵਾਈ ਸੀ ਤੇ ਮਿੱਟੀ ਪੁਆ ਕੇ ਗੰਦਗੀ ਦੇ ਢੇਰਾਂ ਨੂੰ ਢਕ ਕੇ ਸਾਫ਼-ਸੁਥਰੀ ਜਗ੍ਹਾ ਬਣਾਈ ਸੀ ਤੇ ਪਿਛਲੇ ਲੰਮੇ ਸਮੇਂ ਤੋਂ ਆਪਣੀ ਸਹੂਲਤ ਲਈ ਇਸ ਸਰਕਾਰੀ ਜਗ੍ਹਾ ਦੇ ਕੁੱਝ ਹਿੱਸੇ ਵਿਚੋਂ ਰਸਤਾ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ ਸੀ, ਮਗਰ ਕੁੱਝ ਸ਼ਰਾਰਤੀ ਵਿਅਕਤੀਆਂ ਦੀ ਸ਼ਹਿ ਤੇ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਇਸ ਸਰਕਾਰੀ ਜਗ੍ਹਾ ਉਪਰ ਆਪਣਾ ਨਿੱਜੀ ਮਾਲਕੀ ਅਧਿਕਾਰ ਰੱਖਦਿਆਂ ਰਸਤਾ ਗਲੀ ਨੂੰ ਪੁੱਟ ਕੇ ਡੂੰਘੇ ਟੋਏ ਪਾ ਦਿੱਤੇ ਸਨ।।ਜਦ ਇਸੇ ਮੁਹੱਲੇ ਦਾ ਇੱਕ ਵਿਅਕਤੀ ਰਾਤ ਸਮੇਂ ਐਮਰਜੈਂਸੀ ਹਾਲਤ ਵਿਚ ਆਪਣੀ ਕਾਰ ਲੈ ਕੇ ਨਿਕਲਿਆ ਤਾਂ ਕਾਰ ਇਨ੍ਹਾਂ ਖੱਡਿਆਂ ਵਿਚ ਡਿੱਗ ਪਈ। ਭਾਵੇ ਕਿ ਇਸ ਮੌਕੇ ਵੱਡੀ ਦੁਰਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਪਰ ਕਾਰ ਚਾਲਕ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆ ਪਾਸੋਂ ਮੰਗ ਕੀਤੀ ਹੈ ਕਿ ਖਾਲੀ ਪਏ ਪਲਾਟ ਵਿਚ ਕੂੜਾ ਸੁੱਟਣ ਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਅਤੇ ਜੇਕਰ ਫਿਰ ਵੀ ਕੋਈ ਵਿਅਕਤੀ ਕਿਸੇ ਦੇ ਉਕਸਾਉਣ ਤੇ ਇਸ ਸਥਾਨ ਤੇ ਗੰਦਗੀ ਫੈਲਾਅ ਰਿਹਾ ਪਾਇਆ ਜਾਂਦਾ ਹੈ। ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।