ਅਮਿਤ ਸ਼ਾਹ ਦੀ ਮੋਗਾ ਰੈਲੀ ਇਤਹਾਸਿਕ ਹੋਵੇਗੀ : ਹਰਜੋਤ ਕਮਲ
ਅਮਿਤ ਸ਼ਾਹ ਦੀ ਮੋਗਾ ਰੈਲੀ ਇਤਹਾਸਿਕ ਹੋਵੇਗੀ- ਹਰਜੋਤ ਕਮਲ
Publish Date: Sun, 01 Mar 2026 05:23 PM (IST)
Updated Date: Mon, 02 Mar 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਮੋਗਾ ਵਿਖੇ ਇਕ ਵਿਸ਼ਾਲ ਅਤੇ ਇਤਿਹਾਸਕ ਜਨ ਸਭਾ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮਹਾਂ ਰੈਲੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ। ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਰੈਲੀ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਭਰ ਵਿਚ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਰੈਲੀ ਦੌਰਾਨ ਅਮਿਤ ਸ਼ਾਹ ਪੰਜਾਬ ਦੇ ਸਮੂਹਿਕ ਵਿਕਾਸ ਲਈ ਭਾਜਪਾ ਦਾ ਵਿਜ਼ਨ ਡਾਕੂਮੈਂਟ ਪੇਸ਼ ਕਰ ਸਕਦੇ ਹਨ। ਉਹ ਖ਼ਾਸ ਤੌਰ ਤੇ ਹੇਠ ਲਿਖੇ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ ਕਿਸਾਨੀ ਅਤੇ ਖੇਤੀਬਾੜੀ ਸੁਧਾਰ-ਕਿਸਾਨਾਂ ਦੀ ਆਮਦਨ ਵਿਚ ਵਾਧਾ, ਫਸਲਾਂ ਦੀ ਵੱਖ-ਵੱਖਤਾ, ਐੱਮਐੱਸਪੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਸਿੰਚਾਈ ਸੁਵਿਧਾਵਾਂ ਦਾ ਵਿਸਥਾਰ ਅਤੇ ਖੇਤੀਬਾੜੀ ਅਧਾਰਿਤ ਉਦਯੋਗਾਂ ਨੂੰ ਪ੍ਰੋਤਸਾਹਨ। ਨੌਜਵਾਨਾਂ ਲਈ ਰੋਜ਼ਗਾਰ ਅਤੇ ਹੁਨਰ ਵਿਕਾਸ- ਨਵੇਂ ਉਦਯੋਗਿਕ ਨਿਵੇਸ਼, ਸਟਾਰਟਅੱਪ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨਾ, ਤਕਨੀਕੀ ਸਿੱਖਿਆ ਅਤੇ ਸਕਿਲ ਡਿਵੈਲਪਮੈਂਟ ਕੇਂਦਰਾਂ ਦੀ ਸਥਾਪਨਾ। ਕਾਨੂੰਨ ਅਤੇ ਵਿਵਸਥਾ- ਨਸ਼ਾ ਤਸਕਰੀ ਤੇ ਸਖ਼ਤ ਕਾਰਵਾਈ, ਸਰਹੱਦੀ ਸੁਰੱਖਿਆ ਮਜ਼ਬੂਤ ਕਰਨਾ ਅਤੇ ਅਪਰਾਧ ਮੁਕਤ ਪੰਜਾਬ ਬਣਾਉਣ ਲਈ ਢੁਕਵੇਂ ਕਦਮ। ਉਦਯੋਗਿਕ ਅਤੇ ਆਰਥਿਕ ਵਿਕਾਸ- ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਮਜ਼ਬੂਤੀ, ਨਵੀਆਂ ਉਦਯੋਗਿਕ ਨੀਤੀਆਂ ਅਤੇ ਰੋਜ਼ਗਾਰ ਸਿਰਜਣ ਦੇ ਮੌਕੇ। ਹਰਜੋਤ ਕਮਲ ਸਾਬਕਾ ਵਿਧਾਇਕ ਮੋਗਾ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਕਿਹਾ ਕਿ 14 ਮਾਰਚ ਦੀ ਰੈਲੀ ਮੋਗਾ ਦੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਲਿਖੇਗੀ। ਉਨ੍ਹਾਂ ਕਿਹਾ ਕਿ ਮੋਗਾ ਅਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਰੈਲੀ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਹੈ ਅਤੇ ਭਾਜਪਾ ਦੀ ਨੀਤੀਆਂ ਤੇ ਭਰੋਸਾ ਜਤਾਉਂਦੀ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਰਾਜਨੀਤੀ ਦਾ ਦ੍ਰਿਸ਼ ਬਦਲ ਦੇਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰ ਪਿੰਡ-ਪਿੰਡ ਅਤੇ ਵਾਰਡ-ਵਾਰਡ ਤੱਕ ਪਹੁੰਚ ਕਰ ਰਹੇ ਹਨ ਅਤੇ ਲੋਕਾਂ ਨੂੰ ਰੈਲੀ ਵਿਚ ਸ਼ਮੂਲੀਅਤ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਰੈਲੀ ਤੋਂ ਬਾਅਦ ਪੰਜਾਬ ਦੀ ਰਾਜਨੀਤਿਕ ਦਿਸ਼ਾ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਪਾਰਟੀ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿਚ ਪਹੁੰਚ ਕੇ ਰੈਲੀ ਨੂੰ ਸਫਲ ਬਣਾਇਆ ਜਾਵੇ ਅਤੇ ਵਿਕਾਸ ਦੇ ਇਸ ਅਭਿਆਨ ਦਾ ਹਿੱਸਾ ਬਣਨ। ਹਰਜੋਤ ਕਮਲ ਨੇ ਅੱਜ ਨਵਾਂਸ਼ਹਿਰ ਆਈਟੀਆਈ ਮੈਦਾਨ ਵਿਖੇ ਹੋ ਰਹੀਆਂ ਅਕਾਲ ਜੁਗਤ ਖੇਡਾਂ ਮੌਕੇ ਪਹੁੰਚ ਕੇ ਨਵਾਂਸ਼ਹਿਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੂੰ ਮਿਲਕੇ ਰੈਲੀ ਦੀ ਕਾਮਯਾਬੀ ਸਬੰਧੀ ਸਾਂਝੇ ਕੀਤੇ।