ਮੋਟਰਸਾਈਕਲ ਨੂੰ ਬਚਾਉਂਦਿਆਂ ਹਾਦਸੇ ਦਾ ਸ਼ਿਕਾਰ ਹੋਈ ਕਾਰ
ਮੋਟਰਸਾਇਕਲ ਚਾਲਕ ਨੂੰ ਬਚਾਉਂਦਿਆਂ ਹਾਦਸੇ ਦਾ ਸ਼ਿਕਾਰ ਹੋਈ ਆਲਟੋ ਕੇ-10 ਕਾਰ
Publish Date: Fri, 10 Apr 2026 06:42 PM (IST)
Updated Date: Sat, 11 Apr 2026 04:09 AM (IST)

ਕਾਰ ਚਾਲਕ ਲੱਖਾ ਬਹਿਰਾਮ ਵਾਲ-ਵਾਲ ਬਚੇ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਇਕ ਮੋਟਰਸਾਈਕਲ ਚਾਲਕ ਨੂੰ ਬਚਾਉਂਦਿਆਂ ਇਕ ਆਲਟੋ ਕਾਰ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਕੇ ਪਲਟ ਗਈ। ਇਸ ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਦਕਿ ਕਾਰ ਚਾਲਕ ਬਾਲ ਬਾਲ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਬੰਗਾ-ਨਵਾਂਸ਼ਹਿਰ ਮੁੱਖ ਮਾਰਗ ਤੇ ਅੱਜ ਸਵੇਰੇ 10 ਵਜੇ ਇਕ ਮਾਰੂਤੀ ਆਲਟੋ ਕੇ-10 ਕਾਰ ਨੰਬਰ ਪੀਬੀ-78-3265 ਜੋ ਕਿ ਬਹਿਰਾਮ ਤੋਂ ਨਵਾਂਸ਼ਹਿਰ ਨੂੰ ਆ ਰਹੀ ਸੀ, ਜਿਸ ਨੂੰ ਲੱਖਾ ਬਹਿਰਾਮ ਚਲਾ ਰਿਹਾ ਸੀ, ਜਦੋਂ ਮਹਾਲੋਂ ਬਾਈਪਾਸ ਚੌਂਕ ਤੋਂ ਥੋੜਾ ਪਿਛੇ ਪੁੱਜੀ ਤਾਂ ਮਹਾਲੋਂ ਬਾਈਪਾਸ ਤੇ ਇਕ ਮੋਟਰਸਾਈਕਲ ਚਾਲਕ ਨੂੰ ਬਚਾਉਂਦਿਆਂ ਕਾਰ ਬੇਕਾਬੂ ਹੋ ਕੇ ਸੜਕ ਤੇ ਘੁੰਮਦੀ ਕਣਕ ਅਤੇ ਪਾਪੁਲਰ ਦੇ ਖੇਤਾਂ ਚ ਜਾ ਕੇ ਪਲਟ ਗਈ। ਇਸ ਹਾਦਸੇ ਵਿਚ ਆਲਟੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜਦਕਿ ਹਾਦਸੇ ਉਪਰੰਤ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਕਾਰ ਨੂੰ ਸਿੱਧੀ ਕਰਕੇ ਬਾਹਰ ਕਾਰ ਚਾਲਕ ਲੱਖਾ ਨੂੰ ਬਾਹਰ ਕੱਢਿਆ। ਲੱਖਾ ਨੇ ਦੱਸਿਆ ਕਿ ਉਹ ਕਾਰ ਦੀ ਸਰਵਿਸ ਕਰਵਾਉਣ ਲਈ ਏਜੰਸੀ ਜਾ ਰਹੇ ਸਨ। ਇਸ ਹਾਦਸੇ ਨੇ ਲੋਕਾਂ ਦੇ ਮਨਾਂ ਵਿਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਬਾਕਸ ਨਵਾਂਸ਼ਹਿਰ ਦੇ ਮਹਾਲੋਂ ਬਾਈਪਾਸ ਚੌਂਕ ਤੇ ਪੁੱਲ ਬਣਾਉਣ ਦੀ ਮੰਗ ਬਰਕਰਾਰ ਇਲਾਕੇ ਦੇ ਲੋਕਾਂ ਅਵਤਾਰ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ, ਹਰਜੀਤ ਸਿੰਘ, ਐਡਵੋਕੇਟ ਵਿਕਾਸ ਸ਼ਰਮਾ, ਐਡਵੋਕੇਟ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਆਏ ਦਿਨ ਇਸ ਸੜਕ ਤੇ ਹਾਦਸੇ ਵਾਪਰਦੇ ਰਹਿੰਦੇ ਹਨ। ਜਿਸ ਕਾਰਨ ਇਸ ਸੜਕ ਤੇ ਇਕ ਪੁੱਲ ਬਣਾਇਆ ਜਾਣਾ ਚਾਹੀਦਾ ਹੈ। ਤਾਂ ਜੋ ਬੰਗਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਸਾਰੀ ਟ੍ਰੈਫਿਕ ਪੁੱਲ ਰਾਹੀਂ ਅੱਗੇ ਲੰਘ ਜਾਵੇ। ਜਦਕਿ ਮਹਾਲੋਂ ਬਾਈਪਾਸ ਤੋਂ ਨਵਾਂਸ਼ਹਿਰ ਨੂੰ ਆਉਣ ਵਾਲੀ ਥੋੜੀ ਜਿਹੀ ਟ੍ਰੈਫਿਕ ਪੁੱਲ ਹੇਠਾਂ ਤੋਂ ਆਸਾਨੀ ਨਾਲ ਬਿਨਾਂ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਨਵਾਂਸ਼ਹਿਰ ਪਹੁੰਚ ਸਕੇ। ਇਲਾਕੇ ਦੇ ਲੋਕਾਂ ਨੇ ਨਵਾਂਸ਼ਹਿਰ ਦੇ ਮਹਾਲੋਂ ਬਾਈਪਾਸ ਚੌਂਕ ਤੋਂ ਪੁੱਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬਾਕਸ-- ਪੁਲਿਸ ਪੋਸਟ ਬਣਾਉਣ ਦੇ ਨਾਲ ਮੁਲਾਜ਼ਮਾਂ ਦੀ ਤਾਈਨਾਤੀ ਯਕੀਨੀ ਬਣਾਈ ਜਾਵੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਆਏ ਦਿਨ ਵਾਪਰ ਰਹੇ ਹਾਦਸਿਆਂ ਨੂੰ ਦੇਖਦਿਆਂ ਮਹਾਲੋਂ ਬਾਈਪਾਸ ’ਤੇ ਪੁਲਿਸ ਪੋਸਟ ਬਣਾ ਕੇ ਇਥੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕਰਵਾਈ ਜਾਵੇ ਤਾਂ ਜੋ ਵਾਹਨ ਚਾਲਕਾਂ ਵਿਚ ਪੁਲਿਸ ਦਾ ਡਰ ਬਰਕਰਾਰ ਰਹੇ ਅਤੇ ਕਾਹਲੀ ਅਤੇ ਤੇਜ਼ ਰਫ਼ਤਾਰੀ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਲੋਕਾਂ ਨੇ ਕਿਹਾ ਕਿ ਹਾਦਸਿਆਂ ਚ ਜ਼ਖਮੀਆਂ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਜਾਵੇ ਜਾਂ ਟੋਲ ਟੈਕਸ ਕੰਪਨੀਆਂ ਵੱਲੋਂ ਤਾਈਨਾਤ ਐਂਬੂਲੈਂਸਾਂ ਨੂੰ ਵੀ ਹਾਦਸੇ ਵਾਲੀ ਥਾਂ ਦੇ ਨੇੜੇ ਤਾਈਨਾਤ ਕਰਨ ਨੂੰ ਯਕੀਨੀ ਬਣਾਇਆ ਜਾਵੇ। ਤਾਂ ਜੋ ਹਾਦਸੇ ਚ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਬਾਕਸ-- ਨੈਸ਼ਨਲ ਹਾਈਵੇ ਤੇ ਸਪੀਡ ਲਿਮਟ ਦੇ ਬੋਰਡ ਲਾਏ ਜਾਣ ਇਲਾਕੇ ਦੇ ਸੂਝਵਾਨ ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇ ਤੇ ਸਪੀਡ ਲਿਮਟ ਦੇ ਸਾਈਨ ਬੋਰਡ ਲਗਾਏ ਜਾਣ। ਤਾਂ ਜੋ ਵਾਹਨ ਚਾਲਕ ਵਾਹਨਾਂ ਦੀ ਨਿਰਧਾਰਿਤ ਸਪੀਡ ਲਿਮਟ ਵਿਚ ਵਾਹਨਾਂ ਨੂੰ ਚਲਾਉਣ ਲਈ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਜਿਆਦਾਤਰ ਹਾਦਸੇ ਓਵਰ ਸਪੀਡ, ਓਵਰ ਲੋਡ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਵਾਪਰਦੇ ਹਨ।