ਖੇਤੀਬਾੜੀ ਵਿਭਾਗ ਨੇ ਕਿਸਾਨ ਸਿਖਲਾਈ ਕੈਂਪ ਲਗਾਇਆ
ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪ ਆਯੋਜਿਤ
Publish Date: Fri, 06 Feb 2026 03:56 PM (IST)
Updated Date: Fri, 06 Feb 2026 03:59 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ. ਰਾਕੇਸ਼ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਹਿੱਤ ਕੌਮੀ ਭੋਜਨ ਸੁਰੱਖਿਆ ਮਿਸ਼ਨ (ਤੇਲ ਬੀਜ) ਅਧੀਨ ਪਿੰਡ ਢਾਹਾਂ ਵਿਖੇ ਸਰੋਂ ਦੀ ਕਾਸ਼ਤ ਦੇ ਪ੍ਰਦਰਸ਼ਨੀ ਪਲਾਟ ਤੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਨਿਹਾਲ ਸਿੰਘ ਢਾਹਾਂ ਦੇ ਫਾਰਮ ਵਿਖੇ ਲਗਾਇਆ। ਜਿਸ ਵਿਚ ਡਾ. ਦਾਰਾ ਸਿੰਘ ਜ਼ਿਲ੍ਹਾ ਸਿਖ਼ਲਾਈ ਅਫ਼ਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਹੇਠ ਰਕਬਾ ਵਧਾਉਣ, ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਸੰਯਮ ਨਾਲ ਕਰਨ ਲਈ ਕਿਹਾ ਤਾਂ ਜੋ ਖੇਤੀ ਖਰਚੇ ਤੇ ਬੀਮਾਰੀਆਂ ਘੱਟ ਹੋਣ। ਖੇਤੀਬਾੜੀ ਅਫ਼ਸਰ ਬੰਗਾ ਡਾ. ਲਛਮਣ ਦਾਸ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕੌਮੀ ਅੰਨ ਸੁਰੱਖਿਆ ਮਿਸ਼ਨ ਤੇਲ ਬੀਜ ਅਧੀਨ ਬਲਾਕ ਵਿਚ 19 ਥਾਵਾਂ ਤੇ ਕਿਸਾਨਾਂ ਦੇ ਖੇਤਾਂ ਵਿਚ ਪ੍ਰਦਰਸ਼ਨੀਆਂ ਲਗਾਈਆਂ ਹਨ। ਜਿਸ ਵਿਚ ਕਿਸਾਨਾਂ ਨੂੰ ਬੀਜ ਅਤੇ ਹੋਰ ਸਮੱਗਰੀ ਦਿੱਤੀ ਜਾ ਰਹੀ ਹੈ। ਰਾਇਆ ਸਰੋਂ ਕਿਸਮ ਆਰਐਚ-1424 ਦੀਆਂ 294 ਬੀਜ ਕਿੱਟਾਂ ਮੁਫ਼ਤ ਦਿਤੀਆਂ ਗਈਆਂ। ਡਾ. ਬਲਜੀਤ ਸਿੰਘ ਪ੍ਰੋ. ਕੇਵੀਕੇ ਲੰਗੜੋਆ ਨੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ, ਕੀੜਿਆਂ ਤੇ ਬੀਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਖੇਤੀਬਾੜੀ ਵਿਸਥਾਰ ਅਫ਼ਸਰ ਸੁਰਿੰਦਰ ਪਾਲ ਸਿੰਘ ਨੇ ਕੁਦਰਤੀ ਖੇਤੀ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਖੇਤੀ ਵਿਸਥਾਰ ਅਫ਼ਸਰ ਵਿਕਰਮ ਸਿੰਘ ਨੇ ਕਿਸਾਨਾਂ ਨੂੰ ਪੀਐਮ ਕਿਸਾਨ ਨਿਧੀ ਸਕੀਮ ਬਾਰੇ ਦੱਸਿਆ। ਇਸ ਮੌਕੇ ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ, ਸੰਦੀਪ ਗੰਗੜ ਏਟੀਐੱਮ ਆਤਮਾ ਤੋਂ ਇਲਾਵਾ ਬਲਜੀਤ ਸਿੰਘ ਕੁਦਰਤੀ ਖੇਤੀ, ਨਿਹਾਲ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਕੁਮਾਰ, ਸੁਖਰਾਜ ਸਿੰਘ ਲੰਗੇਰੀ, ਹਰਦੀਪ ਸਿੰਘ, ਜਗਤਾਰ ਸਿੰਘ, ਮਹਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।